ਭਗਤਾ ਭਾਈਕਾ: ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਦੇ ਹੱਕ ਵਿਚ ਪਿੰਡ ਕੋਠਾਗੁਰੂ ਵਿਖੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਰੈਲੀ ਕੀਤੀ ਗਈ। ਰੈਲੀ ਵਿਚ ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਧਿਰ ਪੰਜਾਬ ਵਿਧਾਨ ਸਭਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਇਸ ਮੌਕੇ ਬਾਜਵਾ ਨੇ ਐਲਾਨ ਕੀਤਾ ਕਿ ਹਲਕਾ ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ ਹੀ ਹਲਕੇ ਦਾ ਲੀਡਰ ਹੋਵੇਗਾ। ਉਨ੍ਹ੍ਰਾਂ ਕਿਹਾ ਕਿ ਕਾਂਗੜ ਹੀ ਕਾਂਗਰਸ ਦੀ ਸਿਆਸੀ ਗੱਡੀ ਨੂੰ ਅੱਗੇ ਲਿਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਲੋਕਤੰਤਰ ਦੇ ਖ਼ਿਲਾਫ਼ ਹਨ। ਉਨ੍ਹਾਂ ਦੋਸ਼ ਲਾਇਆ ਕਿ ਜੇ ਭਾਜਪਾ ਦੋ ਤਿਹਾਈ ਬਹੁਮਤ ਹਾਸਲ ਕਰਦੀ ਹੈ ਤਾਂ ਉਹ ਅਸਾਨੀ ਨਾਲ ਦੇਸ਼ ਦੇ ਸੰਵਿਧਾਨ ਨੂੰ ਬਦਲ ਸਕਦੀ ਹੈ ਜਿਸ ਨਾਲ ਪੱਛੜੇ ਵਰਗਾਂ ਦੀ ਰਿਜ਼ਰਵੇਸ਼ਨ ਨੂੰ ਵੀ ਖ਼ਤਮ ਕੀਤੀ ਜਾ ਸਕਦੀ ਹੈ।