ਡਾ. ਰਵੀ ਮੈਮੌਰੀਅਲ ਟਰਸਟ, ਪਟਿਆਲਾ ਦੀ ਇਕ ਮਹਿਮ ਮੀਟਿੰਗ ਟਰਸਟ ਦੇ ਚੇਅਰਮੈਨ ਪ੍ਰਿੰਸੀਪਲ ਮਹਿੰਦਰ ਜੀਤ ਕੌਰ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਉਹਨਾਂ ਨੇ ਮਤਾ ਪਾਸ ਕਰਕੇ ਪੰਜਾਬੀ ਦੇ ਸਿਰਮੌਰ ਸ਼ਇਰ ਸੁਰਜੀਤ ਪਾਤਰ ਦੇ ਅਚਨਚੇਤ ਦੇਹਾਂਤ ਦੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੁਰਜੀਤ ਪਾਤਰ ਸਾਡੇ ਸਮਿਆਂ ਦਾ ਬੁਲੰਦੀ ਸਿਤਾਰਾ ਸੀ, ਜਿਸ ਨੇ ਪ੍ਰੋ ਮੋਹਣ ਸਿੰਘ, ਪ੍ਰਿੰਸੀਪਲ ਤਖ਼ਤ ਸਿੰਘ, ਸੰਤ ਰਾਮ ਉਦਾਸੀ ਅਤੇ ਸ਼ਿਵ ਕੁਮਾਰ ਵਾਂਗ ਲੋਕ ਮਨਾਂ ਵਿਚ ਆਪਣੀ ਥਾਂ ਬਣਾਈ। ਉਸ ਨੇ ਆਪਣੀ ਸ਼ਾਇਰੀ ਅਤੇ ਗਾਇਨ ਰਾਹੀਂ ਮਕਬੂਲੀਅਤ ਹਾਸਿਲ ਕੀਤੀ ਅਤੇ ਵਿਸ਼ਵ ਪੱਧਰ ਤਕ ਪੰਜਾਬੀ ਦਾ ਸਿਰਨਾਵਾਂ ਬਣਿਆ। ਟਰਸਟ ਦੇ ਮੈਂਬਰਾਂ ਡਾ. ਮਨਮੋਹਨ ਸਿੰਘ, ਪ੍ਰੋ ਓਮ ਪ੍ਰਕਾਸ਼ ਵਸ਼ਿਸ਼ਠ, ਗੁਰਚਰਨ ਸਿੰਘ ਵਿਰਕ, ਡਾ. ਰਛਪਾਲ ਸਿੰਘ ਰਵੀ, ਡਾ. ਸੁਖਦੇਵ ਸਿੰਘ ਸਿਰਸਾ, ਪ੍ਰੀਤਮ ਸਿੰਘ ਸਰਗੋਧੀਆ ਅਤੇ ਪ੍ਰਿੰਸੀਪਲ ਵੀਰ ਸਿੰਘ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸੁਰਜੀਤ ਪਾਤਰ ਸਾਰੀ ਉਮਰ ਮਾਨਵੀ ਕਦਰਾਂ ਕੀਮਤਾਂ ਨਾਲ ਪ੍ਰਤੀਬੱਧ ਰਿਹਾ ਅਤੇ ਆਪਣੀ ਸ਼ਾਇਰੀ ਰਾਹੀਂ ਮਾਨਵੀ ਮੁੱਲਾਂ ਦੀ ਬਾਤ ਪਾਉਂਦਾ ਰਿਹਾ। ਉਸ ਕੋਲ ਕਵਿਤਾ ਦੀ ਸਿਰਜਣਾ ਅਤੇ ਸੰਗੀਤ ਦੀ ਥਾਹ ਸਮਝ ਸੀ। ਉਸ ਦੇ ਪ੍ਰਤੀਕ ਜਾਂ ਤਾਂ ਕੁਦਰਤ ਵਿੱਚੋਂ ਆਉਂਦੇ ਸਨ ਜਾਂ ਪੰਜਾਬੀ ਰਹਿਤਲ ਵਿੱਚੋਂ ਆਪਣੇ ਸਮੁੱਚੇ ਸੰਦਰਭਾਂ ਸਹਿਤ ਉਜਾਗਰ ਹੁੰਦੇ ਸਨ। ਅਦਾਰਾ ਰਵੀ ਮੈਮੋਰੀਅਲ ਟਰੱਸਟ ਉਸ ਦੀ ਅਦਬੀ ਦੇਣ ਅੱਗੇ ਨਤਮਸਤਕ ਹੁੰਦਾ ਹੋਇਆ ਉਸ ਨੂੰ ਆਪਣੀ ਅਕੀਦਤ ਪੇਸ਼ ਕਰਦਾ ਹੈ।
ਰਵੀ ਮੈਮੋਰੀਅਲ ਟਰਸਟ ਵੱਲੋਂ ਸੁਰਜੀਤ ਪਾਤਰ ਦੀ ਮੌਤ ਤੇ ਗਹਿਰੇ ਦੁਖ ਦਾ ਪ੍ਰਗਟਾਵਾ
