ਅੰਮ੍ਰਿਤਸਰ, 2 ਮਈ ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਆਰੰਭਤਾ ਵਾਸਤੇ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਰਸਤੇ ਤਿਆਰ ਕਰਨ ਦੀ ਸ਼ੁਰੂ ਕੀਤੀ ਸੇਵਾ ਤਹਿਤ ਅੱਜ ਅਰਦਾਸ ਮਗਰੋਂ ਗੁਰਦੁਆਰੇ ਦੇ ਕਪਾਟ ਖੋਲ੍ਹੇ ਗਏ ਹਨ। ਗੁਰਦੁਆਰਾ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ 12 ਤੋਂ 15 ਫੁੱਟ ਬਰਫ ਹੈ ਅਤੇ ਸਰੋਵਰ ਜੰਮਿਆ ਹੋਇਆ ਹੈ। ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਭਾਰਤੀ ਫੌਜ ਦੇ ਜਵਾਨਾਂ ਅਤੇ ਗੁਰਦੁਆਰਾ ਸੇਵਾਦਾਰਾਂ ਦਾ ਦਲ ਅੱਜ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜ ਗਿਆ, ਜਿਨ੍ਹਾਂ ਨੇ ਗੁਰਦੁਆਰੇ ਦੇ ਗੇਟ ਅੱਗੇ ਬਰਫ ਨੂੰ ਹਟਾਉਣ ਤੋਂ ਬਾਅਦ ਅਰਦਾਸ ਕਰਕੇ ਗੁਰਦੁਆਰੇ ਦੇ ਕਪਾਟ ਖੋਲੇ ਹਨ। 25 ਮਈ ਨੂੰ ਗੁਰਦੁਆਰੇ ਦੇ ਕਪਾਟ ਸੰਗਤ ਵਾਸਤੇ ਖੋਲ੍ਹੇ ਜਾਣਗੇ ਅਤੇ ਇਸ ਨਾਲ ਸਾਲਾਨਾ ਯਾਤਰਾ ਆਰੰਭ ਹੋ ਜਾਵੇਗੀ। ਭਾਰਤੀ ਫੌਜ ਦੇ ਜਵਾਨਾਂ ਨੇ ਭਰੋਸਾ ਦਿੱਤਾ ਹੈ ਕਿ 20 ਮਈ ਤੱਕ ਰਸਤਾ ਤਿਆਰ ਕਰਨ ਦਾ ਕੰਮ ਮੁਕੰਮਲ ਹੋ ਜਾਵੇਗਾ।
ਅੱਜ ਗੁਰਦੁਆਰੇ ਦੇ ਕਪਾਟ ਖੋਲ੍ਹਣ ਤੋਂ ਬਾਅਦ ਬਰਫ ਹਟਾਉਣ ਦੀ ਸੇਵਾ ਕਰ ਰਹੇ ਦਲ ਵੱਲੋਂ ਪਹਿਲਾਂ ਗੁਰਦੁਆਰੇ ਦੇ ਆਲੇ ਦੁਆਲੇ ਬਰਫ ਨੂੰ ਹਟਾਇਆ ਜਾਵੇਗਾ ਅਤੇ ਫਿਰ ਇਹ ਸੇਵਾ ਦਲ ਦੋ ਹਿੱਸਿਆਂ ਵਿੱਚ ਵੰਡ ਕੇ ਰਸਤੇ ਤਿਆਰ ਕਰਨ ਦੀ ਸੇਵਾ ਕਰੇਗਾ। ਬਰਫ ਹਟਾਉਣ ਅਤੇ ਰਸਤੇ ਤਿਆਰ ਕਰਨ ਦੀ ਸੇਵਾ ਵਿੱਚ ਭਾਰਤੀ ਫੌਜ ਦੇ 35 ਜਵਾਨ ਅਤੇ ਗੁਰਦੁਆਰੇ ਦੇ 15 ਸੇਵਾਦਾਰ ਲੱਗੇ ਹੋਏ ਹਨ, ਜਿਨ੍ਹਾਂ ਇਹ ਸੇਵਾ 22 ਅਪਰੈਲ ਨੂੰ ਸ਼ੁਰੂ ਕੀਤੀ ਸੀ। 22 ਮਈ ਨੂੰ ਗੁਰਦੁਆਰਾ ਰਿਸ਼ੀਕੇਸ਼ ਤੋਂ ਸਿੱਖ ਸੰਗਤ ਦਾ ਪਹਿਲਾ ਜੱਥਾ ਗੁਰਦੁਆਰਾ ਹੇਮਕੁੰਟ ਦੀ ਸਾਲਾਨਾ ਯਾਤਰਾ ਲਈ ਰਵਾਨਾ ਹੋਵੇਗਾ ਅਤੇ 25 ਮਈ ਨੂੰ ਗੁਰਦੁਆਰੇ ਦੇ ਕਪਾਟ ਸੰਗਤ ਵਾਸਤੇ ਖੋਲ੍ਹੇ ਜਾਣਗੇ।