ਕੈਨਬਰਾ, 18 ਅਗਸਤ (ਦਲਜੀਤ ਸਿੰਘ)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬੁੱਧਵਾਰ ਨੂੰ ਦੱਸਿਆ ਕਿ ਤਾਲਿਬਾਨ ਦੇ ਅਫ਼ਗਾਨਿਸਤਾਨ ਦੀ ਸੱਤਾ ‘ਤੇ ਕਬਜ਼ਾ ਕਰਨ ਮਗਰੋਂ ਕਾਬੁਲ ਤੋਂ ਹੁਣ ਤੱਕ ਆਸਟ੍ਰੇਲੀਆਈ ਅਤੇ ਅਫ਼ਗਾਨ ਨਾਗਰਿਕਾਂ ਸਮੇਤ 26 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਮੌਰੀਸਨ ਨੇ ਦੱਸਿਆ ਕਿ ਹਵਾਈ ਸੈਨਾ ਦਾ ਸੀ-130 ਹਰਕਿਊਲਿਸ ਜਹਾਜ਼ 26 ਲੋਕਾਂ ਨੂੰ ਲੈ ਕੇ ਸੰਯੁਕਤ ਅਰਬ ਅਮੀਰਾਤ ਵਿਚ ਆਸਟ੍ਰੇਲੀਆਈ ਮਿਲਟਰੀ ਅੱਡੇ ‘ਤੇ ਉਤਰਿਆ। ਇਸ ਵਿਚ ਇਕ ਅੰਤਰਰਾਸ਼ਟਰੀ ਏਜੰਸੀ ਲਈ ਕੰਮ ਕਰਨ ਵਾਲਾ ਇਕ ਵਿਦੇਸ਼ੀ ਅਧਿਕਾਰੀ ਵੀ ਸ਼ਾਮਲ ਹੈ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਕਿਹਾ,”ਆਉਣ ਵਾਲੀਆਂ ਉਡਾਣਾਂ ਵਿਚ ਇਹ ਪਹਿਲੀ ਉਡਾਣ ਸੀ।ਉਡਾਣਾਂ ਦਾ ਆਉਣਾ ਮਨਜ਼ੂਰੀ ਅਤੇ ਮੌਸਮ ‘ਤੇ ਨਿਰਭਰ ਕਰਦਾ ਹੈ ਅਤੇ ਇਸ ਹਫ਼ਤੇ ਦੇ ਅਖੀਰ ਤੱਕ ਮੌਸਮ ਦੇ ਹਾਲਾਤ ਬਹੁਤ ਜ਼ਿਆਦਾ ਅਨੁਕੂਲ ਨਹੀਂ ਹਨ।”
ਦੋ ਹਰਕਿਊਲਿਸ ਅਤੇ ਦੋ ਵੱਡੇ ਸੀ-17ਏ ਗਲੋਬਮਾਸਟਰ ਆਵਾਜਾਈ ਜਹਾਜ਼ ਹੋਰ ਲੋਕਾਂ ਨੂੰ ਲਿਆਉਣਗੇ। ਆਸਟ੍ਰੇਲੀਆ ਦੀ ਆਪਣੇ 130 ਨਾਗਰਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬਾਹਰ ਕੱਢਣ ਦੇ ਨਾਲ ਹੀ ਉਹਨਾਂ ਅਫ਼ਗਾਨ ਨਾਗਰਿਕਾਂ ਨੂੰ ਵੀ ਬਾਹਰ ਕੱਢਣ ਦੀ ਯੋਜਨਾ ਹੈ ਜਿਹਨਾਂ ਨੇ ਦੁਭਾਸ਼ੀਏ ਜਿਹੀਆਂ ਭੂਮਿਕਾਵਾਂ ਵਿਚ ਆਸਟ੍ਰੇਲੀਆਈ ਸੈਨਿਕਾਂ ਅਤੇ ਡਿਪਲੋਮੈਟਾਂ ਨਾਲ ਕੰਮ ਕੀਤਾ। ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ, ਆਸਟ੍ਰੇਲੀਆ ਦਾ ਟੀਚਾ 600 ਲੋਕਾਂ ਨੂੰ ਬਾਹਰ ਕੱਢਣ ਦਾ ਹੈ।