ਚੰਡੀਗੜ੍ਹ,19 ਅਗਸਤ (ਦਲਜੀਤ ਸਿੰਘ)- ਪੰਜਾਬ ਦਾ ਸਾਬਕਾ ਡੀਜੀਪੀ ਸੁਮੇਧ ਸੈਣੀ ਆਖਰ ਸਲਾਖਾਂ ਪਿੱਛੇ ਪਹੁੰਚ ਹੀ ਗਿਆ। ਸੁਮੇਧ ਸੈਣੀ ਨੇ ਬੁੱਧਵਾਰ ਦੀ ਰਾਤ ਹਵਾਲਾਤ ਵਿੱਚ ਗੁਜਾਰੀ। ਪੰਜਾਬ ਦੇ ਸ਼ਕਤੀਸ਼ਾਲੀ ਸ਼ਖਸਾਂ ਵਿੱਚੋਂ ਇੱਕ ਸੈਣੀ ਦੀ ਇਹ ਤਸਵੀਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ। ਸੁਮੇਧ ਸੈਣੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੈਣੀ ਖਿਲਾਫ ਅਨੇਕਾਂ ਕੇਸ ਹਨ ਪਰ ਕਾਨੂੰਨੀ ਅੜਚਨਾਂ ਕਰਕੇ ਕਦੇ ਵੀ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਸੀ। ਆਖਰ ਬੁੱਧਵਾਰ ਸ਼ਾਮ ਪੰਜਾਬ ਵਿਜੀਲੈਂਸ ਬਿਊਰੋ ਨੇ ਸੁਮੇਧ ਸੈਣੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ। ਇਸ ਸਭ ਇੰਨੇ ਨਾਟਕੀ ਢੰਗ ਨਾਲ ਹੋਇਆ ਕਿ ਸਭ ਹੈਰਾਨ ਰਹਿ ਗਏ। ਸੈਣੀ ਜਾਂਚ ਵਿੱਚ ਸ਼ਾਮਲ ਹੋਣ ਵਿਜੀਲੈਂਸ ਬਿਊਰੋ ਦੇ ਦਫਤਰ ਪਹੁੰਚਿਆ ਸੀ ਪਰ ਉੱਥੇ ਉਸ ਦੀ ਅਧਿਕਾਰੀਆਂ ਨਾਲ ਬਹਿਸ ਹੋ ਗਈ। ਇਸ ਮਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਦੱਸ ਦਈਏ ਕਿ ਵਿਜੀਲੈਂਸ ਨੇ ਕਾਫ਼ੀ ਦਿਨ ਪਹਿਲਾਂ ਸੁਮੇਧ ਸੈਣੀ ਖ਼ਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਏ ਜਾਣ ਦੇ ਮਾਮਲੇ ਨੂੰ ਲੈ ਕੇ ਕੇਸ ਦਰਜ ਕੀਤਾ ਸੀ। ਤਕਰੀਬਨ ਚਾਰ ਸਾਲਾਂ ਤੋਂ ਸਾਬਕਾ ਡੀਜੀਪੀ ਸੈਣੀ ਪੁਲਿਸ ਕੇਸਾਂ ’ਚ ਕਿਸੇ ਨਾ ਕਿਸੇ ਤਰ੍ਹਾਂ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਸੁਮੇਧ ਸੈਣੀ ਤਾਕਤਵਾਰ ਡੀਜੀਪੀ ਵਜੋਂ ਵਿਚਰਦਾ ਰਿਹਾ ਸੀ। ਉਸ ਵੇਲੇ ਚਰਚਾ ਸੀ ਕਿ ਉਹ ਫੈਸਲੇ ਲੈਣ ਲੱਗੇ ਸਰਕਾਰ ਦੀ ਵੀ ਪ੍ਰਵਾਹ ਨਹੀਂ ਕਰਦਾ ਸੀ।