ਪਟਿਆਲਾ ’ਚ ਬੇਹੱਦ ਤਣਾਅਪੂਰਨ ਹੋਏ ਹਾਲਾਤ, ਪੁਲਸ ਨੇ ਕੀਤੇ ਹਵਾਈ ਫਾਇਰ

fire/nawanpunjab.com

ਪਟਿਆਲਾ, 28 ਅਪ੍ਰੈਲ (ਬਿਊਰੋ)- ਸ਼ਿਵ ਸੈਨਾ ਬਾਲ ਠਾਕਰੇ ਦੇ ਹਰੀਸ਼ ਸਿੰਗਲਾ ਵੱਲੋਂ ਅੱਜ ਖਾਲਿਸਤਾਨੀ ਵਿਰੋਧੀ ਮਾਰਚ ਕੱਢੇ ਜਾਣ ਦਾ ਐਲਾਨ ਕੀਤਾ ਗਿਆ ਸੀ। ਜਿਸ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸ ਨੂੰ ਲੈ ਕੇ ਸ਼ਹਿਰ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਐੱਸ.ਪੀ. ਸਿਟੀ ਹਰਪਾਲ ਸਿੰਘ, ਡੀ. ਐੱਸ.ਪੀ. ਸਿਟੀ-1 ਅਸ਼ੋਕ ਕੁਮਾਰ ਅਤੇ ਸਿਟੀ-2 ਮੋਹਿਤ ਅਗਰਵਾਲ ਅਤੇ ਡੀ.ਐੱਸ.ਪੀ ਨਾਭਾ ਰਾਜੇਸ਼ ਛਿੱਬਰ ਦੀ ਅਗਵਾਈ ਹੇਠ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਹੁਣ ਤਕ ਦੀ ਮਿਲੀ ਜਾਣਕਾਰੀ ਮੁਤਾਬਕ ਦੋਵੇਂ ਹਿੰਦੂ-ਸਿੱਖ ਜਥੇਬੰਦੀਆਂ ਆਹਮੋ-ਸਾਹਮਣੇ ਹਨ ਅਤੇ ਦੋਵਾਂ ਵਲੋਂ ਇਕ ਦੂਜੇ ’ਤੇ ਪਥਰਾਅ ਕੀਤਾ ਜਾ ਰਿਹਾ ਹੈ।

ਪੁਲਸ ਵਲੋਂ ਸਿੱਖ ਜਥੇਬੰਦੀਆਂ ਨੂੰ ਮਾਲ ਰੋਡ ਅਤੇ ਹਿੰਦੂ ਜਥੇਬੰਦੀਆਂ ਨੂੰ ਕਾਲੀ ਮਾਤਾ ਮੰਦਰ ਸਾਹਮਣੇ ਰੋਕਿਆ ਹੋਇਆ ਹੈ ਅਤੇ ਸਥਿਤੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਹੌਲ ਹੋਰ ਵਿਗੜਦਾ ਦੇਖ ਪ੍ਰਦਰਸ਼ਨਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਵਲੋਂ ਹਵਾਈ ਫਾਇਰ ਵੀ ਕੀਤੇ ਹਨ। ਇਥੇ ਦੱਸਣਯੋਗ ਹੈ ਕਿ ਇਕ ਪਾਸੇ ਆਰੀਆ ਸਮਾਜ ਇਲਾਕੇ ਤੋਂ ਮਾਰਚ ਕੱਢਿਆ ਜਾਣਾ ਹੈ ਅਤੇ ਦੂਜੇ ਪਾਸੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਿਵ ਸੈਨਾ ਦਾ ਵਿਰੋਧ ਕਰਨ ਲਈ ਮੌਜੂਦ ਸਨ, ਪੁਲਸ ਦੀ ਕੋਸ਼ਿਸ਼ ਹੈ ਕਿ ਰੋਸ ਮਾਰਚ ਨੂੰ ਨਾ ਨਿਕਲਣ ਦਿੱਤਾ ਜਾਵੇ। ਫਿਲਹਾਲ ਸਥਿਤੀ ਤਣਾਅਪੂਰਨ ਬਣੀ ਹੋਈ ਹੈ।

Leave a Reply

Your email address will not be published. Required fields are marked *