ਲੁਧਿਆਣਾ, 19 ਅਗਸਤ (ਦਲਜੀਤ ਸਿੰਘ)- ਲੁਧਿਆਣਾ ਦੇ ਫੀਲਡ ਗੰਜ ‘ਚ ਸਥਿਤ 4 ਮੰਜ਼ਿਲਾ ਲਿਫ਼ਾਫ਼ਿਆਂ ਦੇ ਗੋਦਾਮ ਨੂੰ ਵੀਰਵਾਰ ਤੜਕੇ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਇਹ ਅੱਗ ਚੌਥੀ ਮੰਜ਼ਿਲ ‘ਚ ਲੱਗੀ। ਗੋਦਾਮ ਦੀ ਇਮਾਰਤ ਨੂੰ ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਤਰ੍ਹਾਂ ਆਪਣੀ ਲਪੇਟ ‘ਚ ਲੈ ਲਿਆ। ਇਸ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ। ਮੌਕੇ ‘ਤੇ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਵੀ ਪਹੁੰਚ ਗਈ। ਪੁਲਸ ਨੇ ਫੈਕਟਰੀ ਦੇ ਆਸ-ਪਾਸ ਦੇ ਘਰ ਖ਼ਾਲੀ ਕਰਵਾ ਦਿੱਤੇ ਹਨ। ਫਾਇਰ ਬ੍ਰਿਗੇਡ ਦੀਆਂ 40 ਗੱਡੀਆਂ ਅੱਗ ਬੁਝਾਉਣ ‘ਚ ਲੱਗੀਆਂ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਬੜੀ ਮੁਸ਼ੱਕਤ ਨਾਲ 80 ਫ਼ੀਸਦੀ ਅੱਗ ‘ਤੇ ਕਾਬੂ ਪਾ ਲਿਆ ਹੈ।
ਫਾਇਰ ਬ੍ਰਿਗੇਡ ਦੇ ਅਫ਼ਸਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਗੋਦਾਮ ਨੂੰ ਅੱਗ ਲੱਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਮੌਕੇ ‘ਤੇ ਆ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਤੱਕ ਲਗਭਗ ਅੱਗ ਨੂੰ ਬੁਝਾ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਚੰਗੀ ਗੱਲ ਇਹ ਰਹੀ ਹੈ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।