ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬੰਦੀ ਸਿੰਘ ਜੋ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਹਨ, ਦੀ ਰਿਹਾਈ ਲਈ ਢੁਕਵੇਂ ਕਦਮ ਚੁੱਕਣ ਦੀ ਅਪੀਲ

ਚਮਕੌਰ ਸਾਹਿਬ, 22 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬੰਦੀ ਸਿੰਘ ਜੋ ਪਿਛਲੇ 30-30 ਸਾਲਾਂ ਤੋਂ ਜੇਲ੍ਹਾਂ ਵਿਚ ਕੈਦ ਹਨ, ਦੀ ਰਿਹਾਈ ਵਾਸਤੇ ਢੁਕਵੇਂ ਕਦਮ ਚੁੱਕਣ।

ਅਕਾਲੀ ਦਲ ਦੇ ਪ੍ਰਧਾਨ ਤਿੰਨ ਰੋਜ਼ਾ ਸ਼ਹੀਦੀ ਜੋੜੇ ਮੇਲੇ ਦੀ ਸ਼ੁਰੂਆਤ ਮੌਕੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ ਤੇ ਉਹਨਾਂ ਯੂਥ ਅਕਾਲੀ ਦਲ ਦੇ ਮੇਰੀ ਦਸਤਾਰ, ਮੇਰੀ ਸ਼ਾਨ ਪ੍ਰੋਗਰਾਮ ਵਿਚ ਵੀ ਸ਼ਮੂਲੀਅਤ ਕੀਤੀ। ਬਾਅਦ ਵਿਚ ਉਹਨਾਂ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਮੱਥਾ ਟੇਕਿਆ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਸਿੱਖ ਕੌਮ ਦੀ ਸਾਂਝੀ ਇੱਛਾ ਹੈ ਅਤੇ ਇਹੀ ਗੱਲ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿਚ ਕੀਤੀ ਸੀ। ਉਹਨਾਂ ਕਿਹਾ ਕਿ ਮੁੱਦਾ ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਦਾ ਹੈ ਕਿਉਂਕਿ ਜੇਲ੍ਹਾਂ ਵਿਚ ਸਜ਼ਾਵਾਂ ਵੀ ਪੂਰੀਆਂ ਹੋਣ ਦੇ ਬਾਵਜੂਦ ਉਹ ਜੇਲ੍ਹਾਂ ਵਿਚ ਬੰਦ ਹਨ।

ਸਰਦਾਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਉਹਨਾਂ ਵਿਸ਼ੇਸ਼ ਹਾਲਾਤਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜਿਹਨਾਂ ਵਿਚ ਬੰਦੀ ਸਿੰਘਾਂ ਨੇ ਕਦਮ ਚੁੱਕੇ। ਉਹਨਾਂ ਕਿਹਾ ਕਿ ਉਹ ਉਸ ਵੇਲੇ ਕਾਂਗਰਸ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਅਤੇ ਬਾਅਦ ਵਿਚ ਸਰਕਾਰਾਂ ਦੀ ਸ਼ਹਿਰ ’ਤੇ ਸਿੱਖਾਂ ਦੇ ਹੋਏ ਕਤਲੇਆ ਕਾਰਨ ਭਾਵੁਕ ਤੌਰ ’ਤੇ ਭੜਕ ਉਠੇ ਸਨ।

ਉਹਨਾਂ ਕਿਹਾ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਹੱਤਿਆਰੇ ਰਿਹਾਅ ਕੀਤੇ ਜਾ ਸਕਦੇ ਹਨ ਤਾਂ ਇਸਦਾ ਕੋਈ ਕਾਰਨ ਨਹੀਂ ਬਣਦਾ ਕਿ ਬੰਦੀ ਸਿੰਘਾਂ ਲਈ ਵੀ ਅਜਿਹਾ ਹੀ ਸਲੂਕ ਕੀਤਾ ਜਾਵੇ। ਉਹਨਾਂ ਨੇ ਇਹਵੀ ਦੱਸਿਆ ਕਿ ਕਿਵੇਂ ਬੰਦੀ ਸਿੰਘ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਹਨ ਜਦੋਂ ਕਿ ਜਿਹਨਾਂ ਨੇ ਗੁਰੂ ਘਰਾਂ ’ਤੇ ਹਮਲੇ ਕੀਤੇ ਅਤੇ 1984 ਵਿਚ ਸਿੱਖ ਕਤਲੇਆਮ ਕੀਤਾ, ਉਹ ਹਾਲੇ ਵੀ ਬਾਹਰ ਘੁੰਮ ਰਹੇ ਹਨ।

ਸਰਦਾਰ ਬਾਦਲ ਨੇ ਯੂਥ ਅਕਾਲੀ ਦਲ ਤੇ ਇਸਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਨੌਜਵਾਨਾਂ ਵਿਚ ਦਸਤਾਰ ਪ੍ਰਤੀ ਮਾਣ ਸਤਿਕਾਰ ਪੈਦਾ ਕਰਨ ਅਤੇ ਉਹਨਾਂ ਨੂੰ ਸਿੱਖੀ ਤੇ ਸਿੱਖ ਸਿਧਾਂਤਾਂ ਨਾਲ ਜੋੜਨ ਲਈ ਆਰੰਭੇ ਮੇਰੀ ਦਸਤਾਰ, ਮੇਰੀ ਸ਼ਾਨ ਪ੍ਰੋਗਰਾਮ ਵਿਚ ਵੀ ਸ਼ਮੂਲੀਅਤ ਕੀਤੀ।

ਉਹਨਾਂ ਕਿਹਾ ਕਿ ਮੈਂ ਉਹ ਯੂਥ ਅਕਾਲੀ ਦਲ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਮੁਹਿੰਮ ਨੂੰ ਸੂਬੇ ਦੇ ਹਰ ਕੋਨੇ ਵਿਚ ਪਹੁੰਚਾਉਣ। ਇਸ ਮੌਕੇ ਸਰਦਾਰ ਝਿੰਜਰ ਨੇ ਦੱਸਿਆਕਿ ਅੱਜ ਦੇ ਪ੍ਰੋਗਰਾਮ ਵਿਚ 1000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੇ ਦਸਤਾਰ ਸਜਾ ਲਈ ਹੈ ਤੇ ਉਹਨਾਂ ਐਲਾਨ ਕੀਤਾ ਕਿ 26 ਅਤੇ 27 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਵਿਚ ਵੀ ਅਜਿਹਾ ਹੀ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।

ਇਕ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦਾ ਸਾਹਮਣਾ ਕਰਨ ਤੋਂ ਭੱਜਣਾ ਨਹੀਂ ਚਾਹੀਦਾ ਕਿਉਂਕਿ ਈ ਡੀ ਦਿੱਲੀ ਆਬਕਾਰੀ ਘੁਟਾਲੇ ਵਿਚ ਉਹਨਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਅਤੇ ਆਪ ਦੇ ਕਈ ਸੀਨੀਅਰ ਆਗੂ ਪਹਿਲਾਂ ਹੀ ਜੇਲ੍ਹਾਂ ਵਿਚ ਬੰਦ ਹਨ।

ਉਹਨਾਂ ਕਿਹਾ ਕਿ ਕੇਜਰੀਵਾਲ ਨੇ ਈ ਡੀ ਦੇ ਸੰਮਨਾਂ ਮੁਤਾਬਕ ਜਾਣ ਦੀ ਥਾਂ ਪੰਜਾਬ ਵਿਚ ਆ ਕੇ ਲੁਕਣ ਨੂੰ ਤਰਜੀਹ ਦਿੱਤੀ ਕਿਉਂਕਿ ਉਹ ਜਾਣਦੇ ਹਨ ਕਿ ਉਹ ਦੋਸ਼ੀ ਹਨ। ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬੀਆਂ ਵਿਚ ਇਹ ਭਾਵਨਾ ਵੱਧ ਰਹੀ ਹੈ ਕਿ ਪੰਜਾਬ ਦੀ ਅਤੇ ਸਿੱਖ ਕੌਮ ਦੀ ਭਲਾਈ ਵਾਸਤੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ।

ਇਸ ਮੌਕੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *