5 ਦਿਨ ਖੁੱਲ੍ਹੇ ਰਹਿਣਗੇ ਭਾਖੜਾ ਡੈਮ ਦੇ ਫਲੱਡ ਗੇਟ, ਜਾਰੀ ਕੀਤਾ ਗਿਆ ਅਲਰਟ


ਰੋਪੜ : ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਲਈ ਫਿਰ ਖ਼ਤਰੇ ਦਾ ਅਲਾਰਮ ਵੱਜਾ ਹੈ। ਅੱਜ ਫਿਰ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਇਹ ਫਲੱਡ ਗੇਟ ਲਗਭਗ 8 ਫੁੱਟ ਤੱਕ ਖੋਲ੍ਹੇ ਗਏ ਹਨ ਜੋ ਕਿ 5 ਦਿਨ ਲਗਾਤਾਰ ਖੁੱਲ੍ਹੇ ਰਹਿਣਗੇ ਕਿਉਂਕਿ ਪਿਛਲੇ ਪਾਸਿਓਂ ਡੈਮ ਵਿਚ ਜ਼ਿਆਦਾ ਪਾਣੀ ਆ ਰਿਹਾ ਹੈ।ਫਲੱਡ ਗੇਟ ਖੋਲ੍ਹਣ ਦੇ ਨਾਲ ਹੀ ਪੰਜਾਬ ਦੇ ਹੇਠਲੇ ਇਲਾਕਿਆਂ ਦੇ ਲੋਕਾਂ ਲਈ ਮੁੜ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਲੋਕਾਂ ਨੂੰ ਸਤਲੁਜ ਦਰਿਆ ਦੇ ਕਿਨਾਰਿਆਂ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਦੂਜੇ ਪਾਸੇ ਸਤਲੁਜ ਦਰਿਆ ਦਾ ਪਾਣੀ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਹਰਸਾ ਬੇਲਾ, ਚੰਦਪੁਰ, ਗੱਜਪੁਰ, ਹਰੀਵਾਲ, ਮਹਿੰਦਲੀ ਕਲਾਂ, ਬੇਲਾ ਧਿਆਨੀ, ਭਲਾਣ, ਪੱਤੀ ਦੁਲਚੀ ਹੋਰ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ। ਸਤਲੁਜ ਦਰਿਆ ਦੇ ਨਾਲ ਲਗਦੇ ਹੋਰ ਬਹੁਤ ਸਾਰੇ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਦਾਖਲ ਹੋ ਗਿਆ,ਜਿਸ ਨਾਲ ਲੋਕਾਂ ਦੀਆਂ ਫਸਲਾਂ ਤੇ ਹਰਾ ਚਾਰਾ ਨੁਕਸਾਨੇ ਗਏ ਹਨ। ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਲੋਕਾਂ ਨੂੰ ਆਪਣੇ ਪਿੰਡਾਂ ਵਿੱਚ ਪਾਣੀ ਦਾਖਲ ਹੋਣ ਦਾ ਖਤਰਾ ਪੈਦਾ ਹੋ ਰਿਹਾ ਹੈ।

ਉਧਰ ਪੌਂਗ ਡੈਮ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਬਿਆਸ ਦਰਿਆ ਨਾਲ ਲੱਗਦੇ ਨੌਸ਼ਿਹਰਾ ਪੱਤਣ, ਮਹਿਤਾਬਪੁਰ, ਮੋਤਲਾ, ਹਲੇੜ ਜਨਾਰਦਨ, ਚੱਕ ਭਾਈਆਂ, ਬੇਲਾ ਸਟਿਆਣਾ, ਧਨੋਆ, ਚੱਕਵਾਲ ਸਮੇਤ ਦਰਜਨਾਂ ਪਿੰਡਾਂ ਦੇ ਹਾਲਾਤ ਭਿਆਨਕ ਬਣ ਗਏ ਹਨ। ਹਾਲਾਤ ਇਹ ਹਨ ਕਿ ਪਿੰਡ ਮਹਿਤਾਬਪੁਰ, ਹਲੇੜ ਜਨਾਰਦਨ, ਬੇਲਾ ਸਰਿਆਣਾ ਸਮੇਤ ਕੁਝ ਪਿੰਡ ਖਾਲ੍ਹੀ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਨੌਸ਼ਹਿਰਾ ਪੱਤਣ ਕੋਲ ਗੁਰਦਾਸਪੁਰ ਤੋਂ ਬਿਆਸ ਦਰਿਆ ਦਾ ਧੁੱਸੀ ਬੰਨ੍ਹ ਵਿਚ ਬੀਤੀ ਸ਼ਾਮ ਪਏ ਪਾੜ ਕਾਰਨ ਜਗਤਪੁਰ, ਟਾਂਡਾ, ਦਾਦੂਵਾਲ, ਪੁਰਾਣਾ ਸ਼ਾਲਾ ਸਮੇਤ ਦਰਜਨ ਭਰ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਜਿਸ ਦੇ ਚੱਦੇ ਐੱਨ. ਡੀ. ਆਰ. ਐੱਫ., ਫੌਜ ਅਤੇ ਬੀ. ਐੱਸ. ਐੱਫ. ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *