ਜਗਬੀਰ ਬਰਾੜ ਅਕਾਲੀ ਦਲ ‘ਚ ਸ਼ਾਮਲ, ਸੁਖਬੀਰ ਬਾਦਲ ਨੇ ਐਲਾਨਿਆ ਉਮੀਦਵਾਰ

jagmeet brar/nawanpunjab.com

ਜਲੰਧਰ, 16 ਅਗਸਤ (ਬਿਊਰੋ)- ਦੁਆਬਾ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ।  ਕਾਂਗਰਸ ਦੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਏ। ਇਸ ਮੌਕੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ।

ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ 2022 ਦੀਆਂ ਚੋਣਾਂ ਲਈ ਜਲੰਧਰ ਕੈਂਟ ਤੋਂ ਜਗਬੀਰ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਡੁੱਬ ਰਹੀ ਹੈ। ਕੈਪਟਨ ਨੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦ ਨਹੀਂ ਨਿਭਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰ ਵਰਕਰਾਂ ਤੇ ਲੀਡਰਾਂ ਦਾ ਦਮ ਘੁੱਟ ਰਿਹਾ ਹੈ। ਇਸ ਲਈ ਲੀਡਰ ਪਾਰਟੀ ਛੱਡ ਰਹੇ ਹਨ।

ਦੱਸ ਦਈਏ ਕਿ ਬਰਾੜ ਨੇ ਪੰਜਾਬ ਵਾਟਰ ਰਿਸੋਰਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਐਤਵਾਰ ਰਾਤ ਹੀ ਅਸਤੀਫਾ ਦੇ ਦਿੱਤਾ ਸੀ। ਸਾਲ 2007 ਵਿੱਚ ਉਨ੍ਹਾਂ ਨੇ ਜਲੰਧਰ ਛਾਉਣੀ ਤੋਂ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜੀ ਸੀ। ਸਾਲ 2011 ਵਿੱਚ ਉਹ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਣਾਈ ਪੀਪੀਪੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

2012 ਦੀਆਂ ਚੋਣਾਂ ਤੋਂ ਐਨ ਪਹਿਲਾਂ ਉਹ ਕਾਂਗਰਸ ਵਿੱਚ ਆ ਗਏ। ਸਾਲ 2017 ਵਿੱਚ ਪਰਗਟ ਸਿੰਘ ਦੇ ਕਾਂਗਰਸ ਵਿੱਚ ਆਉਣ ਕਾਰਨ ਜਗਬੀਰ ਬਰਾੜ ਨੂੰ ਜਲੰਧਰ ਛਾਉਣੀ ਦੀ ਥਾਂ ਨਕੋਦਰ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਸੀ, ਜਿੱਥੇ ਉਹ ਤੀਜੇ ਨੰਬਰ ’ਤੇ ਰਹਿ ਕੇ ਹਾਰ ਗਏ ਸਨ। ਪੰਜਾਬ ਕਾਂਗਰਸ ਦੀ ਕਮਾਨ ਆਪਣੇ ਹੱਥਾਂ ਵਿੱਚ ਲੈਣ ਮਗਰੋਂ ਨਵਜੋਤ ਸਿੰਘ ਸਿੱਧੂ ਦੀ ਪਲੇਠੀ ਜਲੰਧਰ ਫੇਰੀ ਮੌਕੇ ਜਗਬੀਰ ਬਰਾੜ ਗੈਰ ਹਾਜ਼ਰ ਰਹੇ ਸਨ।

Leave a Reply

Your email address will not be published. Required fields are marked *