ਚੰਡੀਗੜ੍ਹ, 16 ਅਗਸਤ (ਦਲਜੀਤ ਸਿੰਘ)- ਸਹਿਕਾਰੀ ਅਦਾਰੇ ਮਿਲਕਫੈਡ ਵੱਲੋਂ ਆਪਣੇ ਉਤਪਾਦਾਂ ਵਿੱਚ ਨਿਰੰਤਰ ਵਾਧੇ ਨਾਲ ਦਾਇਰੇ ਵਿੱਚ ਕੀਤੇ ਜਾ ਰਹੇ ਵਿਸਥਾਰ ਦੀ ਲੜੀ ਵਿੱਚ ਤਿਉਹਾਰਾਂ ਦੇ ਸੀਜ਼ਨ ਦੀ ਆਮਦ ਮੌਕੇ ਅੱਜ ਵੇਰਕਾ ਬਰਾਂਡ ਵੱਲੋਂ ਸਾਰਾ ਸਾਲ ਵਿਕਰੀ ਲਈ ਨਵੀਆਂ ਮਠਿਆਈਆਂ ਲਾਂਚ ਕੀਤੀਆਂ ਗਈਆਂ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ ਤੇ ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਵੱਲੋਂ ਇਥੇ ਸੈਕਟਰ-34 ਸਥਿਤ ਮਿਲਕਫੈਡ ਦੇ ਮੁੱਖ ਦਫਤਰ ਵਿਖੇ ਵੇਰਕਾ ਬਰਾਂਡ ਦੀ ਕਾਜੂ ਬਰਫੀ, ਬਰਾਊਨ ਪੇਡਾ, ਸੋਨ ਪਾਪੜੀ, ਮਿਲਕ ਕੇਕ, ਨਵਰਤਨ ਲੱਡੂ ਅਤੇ ਮੋਤੀਚੂਰ ਲੱਡੂ ਜਾਰੀ ਕੀਤੇ ਗਏ।
ਸ. ਰੰਧਾਵਾ ਨੇ ਦੱਸਿਆ ਕਿ ਦਸੰਬਰ 2019 ਤੋਂ ਸਾਰਾ ਸੰਸਾਰ ਕੋਵਿਡ ਮਹਾਂਮਾਰੀ ਵਿੱਚੋਂ ਲੰਘ ਰਿਹਾ ਹੈ ਅਤੇ ਇਸ ਸਮੇਂ ਦੌਰਾਨ ਇਕ ਗੱਲ ਉਭਰ ਕੇ ਸਾਹਮਣੇ ਆਈ ਕਿ ਗਾਹਕਾਂ ਦਾ ਝੁਕਾਅ ਡੱਬਾਬੰਦ ਵਸਤਾਂ ਵੱਲ ਜ਼ਿਆਦਾ ਵੱਧ ਗਿਆ। ਮਿਲਕਫੈਡ ਨੇ ਇਸੇ ਲੋੜ ਨੂੰ ਦੇਖਦਿਆਂ ਮਠਿਆਈ, ਬੇਕਰੀ ਅਤੇ ਨਮਕੀਨ ਆਦਿ ਉਤਪਾਦਾਂ ਦਾ ਉਤਪਾਦਨ ਤੇ ਵਿਕਰੀ ਜਨਤਕ ਨਿੱਜੀ ਭਾਈਵਾਲੀ (ਪੀ.ਪੀ.ਪੀ.) ਦੇ ਅਧਾਰ ‘ਤੇ ਕਰਨ ਲਈ ਲੋੜੀਂਦੇ ਕਦਮ ਚੁੱਕਦੇ ਹੋਏ ਚੰਡੀਗੜ੍ਹ ਸਵੀਟਸ ਨਾਲ ਸਮਝੌਤਾ ਕੀਤਾ। ਇਸ ਸਮਝੌਤੇ ਅਧੀਨ ਮਿਲਕਫੈਡ ਚੰਡੀਗੜ੍ਹ ਸਵੀਟਸ ਪਾਸੋਂ ਆਪਣੇ ਬਰਾਂਡ ਵੇਰਕਾ ਦੇ ਅਧੀਨ ਮਠਿਆਈ, ਨਮਕੀਨ ਅਤੇ ਬੇਕਰੀ ਆਦਿ ਉਤਪਾਦਾਂ ਦਾ ਉਤਪਾਦਨ ਕਰਕੇ ਸਾਰਾ ਸਾਲ ਵਿਕਰੀ ਰੋਇਲਟੀ ਦੇ ਆਧਾਰ ‘ਤੇ ਕਰੇਗੀ। ਪੀ.ਪੀ.ਪੀ. ਅਧੀਨ ਪਾਰਟੀ ਵੱਲੋਂ ਮਿਲਕਫੈਡ ਨੂੰ ਇਕ ਸਾਲ ਵਿੱਚ 30 ਕਰੋੜ ਰੁਪਏ ਦੀ ਮਠਿਆਈ, ਨਮਕੀਨ ਅਤੇ ਬੇਕਰੀ ਦੀ ਵਿਕਰੀ ਕਰਨ ਦਾ ਟੀਚਾ ਹੈ ਅਤੇ ਇਹ ਵਿਕਰੀ ਨਾ ਸਿਰਫ ਕੌਮੀ ਪੱਧਰ ਉਤੇ ਸਗੋਂ ਕੌਮਾਂਤਰੀ ਪੱਧਰ ਉਤੇ ਵੀ ਕੀਤੀ ਜਾਵੇਗੀ । ਮਠਿਆਈਆਂ ਤੋਂ ਬਾਅਦ ਨਮਕੀਨ ਅਤੇ ਬੇਕਰੀ ਉਤਪਾਦ ਜਾਰੀ ਕੀਤੇ ਜਾਣਗੇ।
ਸਹਿਕਾਰਤਾ ਮੰਤਰੀ ਨੇ ਅੱਗੇ ਦੱਸਿਆ ਕਿ ਵੇਰਕਾ ਵੱਲੋਂ ਪਹਿਲਾਂ ਦੀਵਾਲੀ ਦੇ ਤਿਉਹਾਰ ਮੌਕੇ ਹੀ ਮਠਿਆਈ ਬਣਾਈ ਅਤੇ ਵੇਚੀ ਜਾਂਦੀ ਸੀ ਜਦੋਂ ਕਿ ਵੇਰਕਾ ਨੂੰ ਪਸੰਦ ਕਰਨ ਵਾਲੇ ਗਾਹਕ ਸਾਰਾ ਸਾਲ ਇਨ੍ਹਾਂ ਉਤਪਾਦਾਂ ਦੀ ਮੰਗ ਕਰਦੇ ਸਨ। ਗਾਹਕਾਂ ਦੀ ਇਹ ਮੰਗ ਵੀ ਹੁਣ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੀ.ਪੀ.ਪੀ. ਮਾਡਲ ਰਾਹੀਂ ਲਾਂਚ ਕੀਤੇ ਇਨ੍ਹਾਂ ਉਤਪਾਦਾਂ ਉਤੇ ਮਿਲਕਫੈਡ ਦੀ ਬਿਨਾਂ ਕਿਸੇ ਨਿਵੇਸ਼ ਕੀਤੇ ਆਪਣੇ ਬਰਾਂਡ ਨਾਮ ਨਾਲ ਹੀ 30 ਕਰੋੜ ਰੁਪਏ ਦੀ ਟਰਨ ਓਵਰ ਵਧੇਗੀ ਅਤੇ ਇਹ ਲਾਭ ਸਿੱਧਾ ਦੁੱਧ ਉਤਪਾਦਕ ਕਿਸਾਨਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਉਤਪਾਦਾਂ ਲਈ ਕੱਚਾ ਮਾਲ ਅਤੇ ਇਸ ਦੀ ਸ਼ੁੱਧਤਾ ਉਤੇ ਕੰਟਰੋਲ ਮਿਲਕਫੈਡ ਵੱਲੋਂ ਹੀ ਕੀਤਾ ਜਾਵੇਗਾ।
ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਮੰਦੀ ਦੇ ਦੌਰ ਵਿੱਚ ਮਿਲਕਫੈਡ ਵੱਲੋਂ ਮਿਲਕ ਪਲਾਟਾਂ ਦੇ ਆਧੁਨਿਕੀਕਰਨ ਅਤੇ ਇਨ੍ਹਾਂ ਦੀ ਸਮਰੱਥਾ ਵਧਾਉਣ ਲਈ 254 ਕਰੋੜ ਰੁਪਏ ਦੀ ਲਾਗਤ ਨਾਲ ਕਈ ਵਿਕਾਸ ਅਤੇ ਵਿਸਥਾਰ ਪ੍ਰਾਜੈਕਟ ਜਲੰਧਰ, ਲੁਧਿਆਣਾ, ਮੁਹਾਲੀ ਅਤੇ ਪਟਿਆਲਾ ਡੇਅਰੀਆਂ ਵਿਖੇ ਚੱਲ ਰਹੇ ਹਨ। ਇਸ ਤੋਂ ਇਲਾਵਾ 138 ਕਰੋੜ ਰੁਪਏ ਦੀ ਲਾਗਤ ਨਾਲ ਬੱਸੀ ਪਠਾਣਾ ਵਿਖੇ ਮੈਗਾ ਡੇਅਰੀ ਪ੍ਰਾਜੈਕਟ ਇਸ ਮਹੀਨੇ ਦੇ ਅੰਤ ਤੱਕ ਮੁਕੰਮਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮਿਲਕਫੈਡ ਵੱਲੋਂ ਵੇਰਕਾ ਡੇਅਰੀ ਵ੍ਹਾਈਟਨਰ, ਪ੍ਰਸਿੱਧ ਹਲਦੀ ਦੁੱਧ, ਵੱਖ-ਵੱਖ ਕਿਸਮਾਂ ਦੇ ਪੀਓ ਦੁੱਧ ਦੀਆਂ ਪੀ.ਪੀ.ਬੋਤਲਾਂ ਅਤੇ ਅਸਲੀ ਫਲ ਵਾਲੀਆਂ ਆਈਸ ਕਰੀਮਜ਼ ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ।
ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਸਮੇਂ ਵਿੱਚ ਦੇਸ਼ ਦਾ ਪੂਰਾ ਉਦਯੋਗ ਅਤੇ ਸੇਵਾ ਖੇਤਰ ਆਰਥਿਕ ਮੰਦੀ ਨਾਲ ਜੂਝ ਰਿਹਾ ਸੀ ਪਰ ਮਿਲਕਫੈਡ ਪੰਜਾਬ ਨੇ ਦੁੱਧ ਉਤਪਾਦਕਾਂ ਦੀ ਸੇਵਾ ਹਿੱਤ ਸਾਲ 2020-21 ਵਿੱਚ ਪਿਛਲੇ ਸਾਲ ਨਾਲੋਂ 17 ਫੀਸਦੀ ਵਧੇਰੇ ਦੁੱਧ ਦੀ ਖਰੀਦ ਕੀਤੀ ਅਤੇ ਇਸ ਔਖੇ ਸਮੇਂ ਵਿੱਚ ਦੁੱਧ ਉਤਪਾਦਕਾਂ ਲਈ ਦੁੱਧ ਦੇ ਖਰੀਦ ਰੇਟ ਵਾਜਿਬ ਰੱਖਣ ਵਿੱਚ ਬਹੁਤ ਵਧੀਆ ਭੂਮਿਕਾ ਨਿਭਾਈ।
ਚੰਡੀਗੜ੍ਹ ਸਵੀਟਸ ਦੇ ਐਮ.ਡੀ. ਰਮੇਸ਼ ਅੱਗਰਵਾਲ ਨੇ ਕਿਹਾ ਕਿ ਭਾਰਤ ਤੋਂ ਬਾਹਰ ਕੈਨੇਡਾ, ਅਮਰੀਕਾ, ਆਸਟਰੇਲੀਆ, ਇੰਗਲੈਂਡ ਤੇ ਖਾੜੀ ਮੁਲਕਾਂ ਵਿੱਚ ਵੇਰਕਾ ਬਰਾਂਡ ਦੀ ਬਹੁਤ ਮੰਗ ਸੀ ਅਤੇ ਅੱਜ ਇਨ੍ਹਾਂ ਬਰਾਂਡਾਂ ਦੇ ਲਾਂਚ ਹੁਣ ਦੇਸ਼ ਦੇ ਨਾਲ ਵਿਦੇਸ਼ੀ ਗਾਹਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ।