ਪੁੰਛ – ਸਵੇਰੇ ਮੌਸਮ ਨੇ ਇਕ ਵਾਰ ਫਿਰ ਕਰਵਟ ਬਦਲ ਲਈ, ਜਿਸ ਕਾਰਨ ਮੈਦਾਨੀ ਇਲਾਕਿਆਂ ’ਚ ਰੁਕ-ਰੁਕ ਕੇ ਮੀਂਹ ਪਿਆ ਜਦੋਂ ਕਿ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਹੋਈ। ਠੰਡ ਕਾਰਨ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ।
ਸਵੇਰ ਤੋਂ ਹੀ ਬਾਜ਼ਾਰਾਂ ’ਚ ਰੌਣਕ ਅਤੇ ਚਹਿਲ-ਪਹਿਲ ਨਾਂਹ ਦੇ ਬਰਾਬਰ ਰਹੀ। ਦੇਰ ਸ਼ਾਮ ਜੰਮੂ-ਕਸ਼ਮੀਰ ਦੇ ਪੁੰਛ-ਰਾਜੌਰੀ ਜ਼ਿਲੇ ਨੂੰ ਕਸ਼ਮੀਰ ਘਾਟੀ ਨਾਲ ਘੱਟ ਸਮੇਂ ’ਚ ਜੋੜਨ ਵਾਲੀ ਇਤਿਹਾਸਕ ਮੁਗਲ ਰੋਡ ’ਤੇ ਹੋਈ ਤਾਜ਼ਾ ਬਰਫਬਾਰੀ ਤੋਂ ਬਾਅਦ ਇਕ ਵਾਰ ਫਿਰ ਤੋਂ ਮੁਗਲ ਰੋਡ ’ਤੇ ਦੋਵਾਂ ਪਾਸਿਆਂ ਦੀ ਆਵਾਜਾਈ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਮੁਗਲ ਰੋਡ ’ਤੇ ਦੋਵਾਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ।
ਉੱਥੇ ਹੀ ਲੋਕ ਨਿਰਮਾਣ ਵਿਭਾਗ ਦੀ ਮਕੈਨੀਕਲ ਸ਼ਾਖਾ ਦੇ ਵਿਸ਼ੇਸ਼ ਦਸਤੇ ਨੇ ਮਸ਼ੀਨਰੀ ਦੀ ਮਦਦ ਨਾਲ ਬਰਫ਼ ਹਟਾਉਣ ਅਤੇ ਸੜਕ ਖੋਲ੍ਹਣ ਲਈ ਜੰਗੀ ਪੱਧਰ ’ਤੇ ਕੰਮ ਸ਼ੁਰੂ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦੋ ਦਿਨਾਂ ਤਕ ਭਾਰੀ ਬਰਫਬਾਰੀ ਕਾਰਨ ਮੁਗਲ ਰੋਡ ਪੂਰੀ ਤਰ੍ਹਾਂ ਆਵਾਜਾਈ ਲਈ ਬੰਦ ਰਿਹਾ ਸੀ।