ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਮੋਬਾਈਲ ਫੋਨਾਂ ’ਤੇ ਹਰ ਵੇਲੇ ਉਪਲਬਧ ਰਹਿਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਪਰਸੋਨਲ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ।
ਹੁਕਮਾਂ ਅਨੁਸਾਰ ਅਧੀਨ ਸਕੱਤਰ ਅਤੇ ਉਸ ਤੋਂ ਉੱਚੇ ਦਰਜੇ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਮਾਤਹਿਤ ਕੋਈ ਵੀ ਕਰਮਚਾਰੀ ਦਫ਼ਤਰ ਦੇ ਸਮੇਂ ਤੋਂ ਬਾਅਦ ਆਪਣਾ ਫ਼ੋਨ ਬੰਦ ਨਾ ਕਰੇ। ਲੋਕ ਤੇ ਪ੍ਰਸ਼ਾਸਕੀ ਕਾਰਜਾਂ ਦੀਆਂ ਜ਼ਰੂਰਤਾਂ ਕਰਕੇ ਅਫ਼ਸਰਾਂ ਨੂੰ ਆਪਣੇ ਫੋਨਾਂ ’ਤੇ ਉਪਲਬਧ ਰਹਿਣ ਲਈ ਕਿਹਾ ਗਿਆ ਹੈ।
ਜਨਤਕ ਛੁੱਟੀਆਂ ਦੌਰਾਨ ਵੀ ਫ਼ੋਨ ਖੁੱਲ੍ਹੇ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਜਾਰੀ ਹੁਕਮਾਂ ਚ ਕਿਹਾ ਗਿਆ ਹੈ ਕਿ ਕਈ ਵਾਰ ਪ੍ਰਸ਼ਾਸਕੀ ਕੰਮ ਤੁਰੰਤ ਨਿਬੇੜਨੇ ਪੈਂਦੇ ਹਨ, ਜਿਸ ਕਰਕੇ ਅਧਿਕਾਰੀਆਂ ਦੀ ਉਪਲਬਧਤਾ ਜ਼ਰੂਰੀ ਹੋ ਜਾਂਦੀ ਹੈ।
ਹੁਕਮ ਵਿਚ ਕਿਹਾ ਗਿਆ ਹੈ ਕਿ ਇਹ ਵੇਖਿਆ ਗਿਆ ਹੈ ਕਿ ਕਈ ਵਾਰ ਉਨ੍ਹਾਂ ਦੇ ਫ਼ੋਨ ਬੰਦ ਹੁੰਦੇ ਹਨ, ਨੈਟਵਰਕ ਤੋਂ ਬਾਹਰ ਹੁੰਦੇ ਹਨ ਜਾਂ ਕਾਲਾਂ ਨੂੰ ਕਿਸੇ ਹੋਰ ਨੰਬਰ ’ਤੇ ਡਾਈਵਰਟ ਕੀਤਾ ਗਿਆ ਹੁੰਦਾ ਹੈ। ਇਸ ਕਾਰਨ ਪ੍ਰਸ਼ਾਸਕੀ ਕੰਮ ਪ੍ਰਭਾਵਤ ਹੁੰਦੇ ਹਨ।