ਅੰਬਾਲਾ- ਹਰਿਆਣਾ ‘ਚ ਅੰਬਾਲਾ ਜ਼ਿਲ੍ਹੇ ਦੇ ਬਰਾੜਾ ‘ਚ 125 ਫੁੱਟ ਦੇ ਰਾਵਣ ਦਾ ਪੁਤਲਾ ਕ੍ਰੇਨ ਨਾਲ ਖੜ੍ਹਾ ਕਰਦੇ ਸਮੇਂ ਅਚਾਨਕ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਕਰੀਬ 12 ਲੱਖ ਰੁਪਏ ਦੀ ਲਾਗਤ ਨਾਲ ਅੰਬਾਲਾ ਦਾ ਸਭ ਤੋਂ ਵੱਡਾ ਪੁਤਲਾ ਤਿਆਰ ਕੀਤਾ ਸੀ। ਸਭ ਤੋਂ ਉੱਚਾ ਰਾਵਣ ਬਣਾ ਕੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਤੇਜੇਂਦਰ ਚੌਹਾਨ ਨੇ ਦੱਸਿਆ ਕਿ ਬੀਤੀ ਦੇਰ ਰਾਤ ਹੋਏ ਹਾਦਸੇ ‘ਚ ਪੁਤਲੇ ਦਾ ਇਕ ਹਿੱਸਾ ਨੁਕਸਾਨਿਆ ਗਿਆ। ਇਸ ਤੋਂ ਇਲਾਵਾ ਰਾਵਣ ਦਾ ਬਣਾਇਆ ਪਹਿਰਾਵਾ ਵੀ ਖ਼ਰਾਬ ਹੋ ਗਿਆ। ਇਸ ਪੁਤਲੇ ਨੂੰ ਬਣਾਉਣ ‘ਚ ਕਰੀਬ 3 ਮਹੀਨਿਆਂ ਦਾ ਸਮਾਂ ਲੱਗਾ ਸੀ। ਅਜਿਹੇ ‘ਚ ਆਯੋਜਕ ਕਮੇਟੀ ਨੇ ਜਲਦੀ ‘ਚ ਰਾਵਣ ਦੇ ਪੁਤਲਿਆਂ ਦਾ ਇੰਤਜ਼ਾਮ ਕੀਤਾ ਅਤੇ ਕਿਹਾ ਕਿ ਹੁਣ ਰਾਵਣ 50 ਫੁੱਟ ਦਾ ਹੋਵੇਗਾ। ਇਸ ਤੋਂ ਇਲਾਵਾ 50 ਫੁੱਟ ਦਾ ਕੁੰਭਕਰਨ ਅਤੇ 40 ਫੁੱਟ ਦੇ ਮੇਘਨਾਥ ਦਾ ਪੁਤਲਾ ਹੋਵੇਗਾ।