ਅੰਮ੍ਰਿਤਸਰ- ਪੰਜਾਬ ਭਾਜਪਾ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਸਿਆਸੀ ਆਗੂ ਰਾਜਕੁਮਾਰ ਵੇਰਕਾ ਨੇ ਭਾਜਪਾ ਨੂੰ ਅਲਵਿਦਾ ਆਖ ਦਿੱਤਾ । ਉਨ੍ਹਾਂ ਕਿਹਾ ਕਿ ਮੈਂ ਅੱਜ ਭਾਜਪਾ ਛੱਡਣ ਦਾ ਐਲਾਨ ਕਰਦਾ ਹਾਂ। ਭਾਜਪਾ ਸਾਰਿਆਂ ਨੂੰ ਇਕੱਠਿਆਂ ਲੈ ਕੇ ਚੱਲਣ ਵਾਲੀ ਪਾਰਟੀ ਨਹੀਂ ਹੈ। ਵੇਰਕਾ ਨੇ ਕਿਹਾ ਕਿ ਕਾਂਗਰਸ ਛੱਡ ਕੇ ਮੈਨੂੰ ਬਹੁਤ ਪਛਤਾਵਾ ਹੋਇਆ ਸੀ ਅਤੇ ਮੈਂ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਹਾਂ । ਇਸ ਤੋਂ ਇਲਾਵਾ ਉਨ੍ਹਾਂ ਨੇ ਇਸ਼ਾਰਾ ਦਿੰਦਿਆਂ ਕਿਹਾ ਕਿ ਭਾਜਪਾ ਦੇ ਹੋਰ ਕਈ ਵੱਡੇ ਆਗੂ ਵੀ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਦੀ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਰਾਜ ਕੁਮਾਰ ਵੇਰਕਾ ਤੋਂ ਇਲਾਵਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸ਼ਾਮ ਸੁੰਦਰ ਅਰੋੜਾ, ਜੀਤ ਮਹਿੰਦਰ ਸਿੱਧੂ, ਅਮਰੀਕ ਸਿੰਘ ਸਮਰਾਲਾ, ਰਿਣਵਾ ਅਤੇ ਜੋਸ਼ਨ ਭਾਜਪਾ ਛੱਡ ਕੇ ਅੱਜ ਦਿੱਲੀ ਦੁਬਾਰਾ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ।
ਡਾ: ਵੇਰਕਾ ਦੀ ਗੱਲ ਕਰੀਏ ਤਾਂ ਭਾਜਪਾ ‘ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਕਾਂਗਰਸੀ ਸੀਨੀਅਰ ਆਗੂਆਂ ‘ਚ ਗਿਣੇ ਜਾਂਦੇ ਸਨ ਅਤੇ ਉਹ ਅਨੁਸੂਚਿਤ ਸਮਾਜ ਦੇ ਵੱਡੇ ਆਗੂ ਵੀ ਹਨ।ਵੇਰਕਾ 2012 ਅਤੇ 2017 ‘ਚ ਪੱਛਮੀ ਵਿਧਾਨ ਸਭਾ ਤੋਂ ਵਿਧਾਇਕ ਰਹੇ, ਜਦੋਂ ਕਿ ਉਹ 2007 ਅਤੇ 2022 ‘ਚ ਚੋਣਾਂ ਹਾਰ ਗਏ ਸਨ। ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਦੇ ਗਠਨ ਸਮੇਂ ਵੀ ਉਹ ਮੰਤਰੀ ਦੇ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਸਨ ਪਰ ਉਨ੍ਹਾਂ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਇਹ ਅਹੁਦਾ ਮਿਲਿਆ ਸੀ। ਪੰਜਾਬ ਸਰਕਾਰ ‘ਚ ਓਪੀ ਸੋਨੀ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਕੈਬਨਿਟ ‘ਚ ਪੱਛਮੀ ਹਲਕੇ ਤੋਂ ਡਾਕਟਰ ਰਾਜ ਕੁਮਾਰ ਵੇਰਕਾ ਨੂੰ ਮੰਤਰੀ ਬਣਾਇਆ ਗਿਆ ਸੀ। ਡਾ: ਵੇਰਕਾ ਨੂੰ ਸਾਢੇ ਚਾਰ ਸਾਲਾਂ ਬਾਅਦ ਮਾਝਾ ਜ਼ੋਨ ‘ਚ ਚੰਗੇ ਅਕਸ ਦਾ ਇਨਾਮ ਮਿਲਿਆ ਸੀ।