Big Breaking: ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਵਿਦੇਸ਼ ‘ਚ ਗ੍ਰਿਫ਼ਤਾਰ, ਜਲਦ ਲਿਆਂਦਾ ਜਾਵੇਗਾ ਭਾਰਤ


ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਕਤਲਕਾਂਡ ਦੇ ਮਾਸਟਰਮਾਈਂਡ ਤੇ ਲਾਰੈਂਸ ਬਿਸ਼ਨੋਈ ਦੇ ਭਾਣਜੇ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਅਜ਼ਰਬੈਜਾਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਉਸ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਚਿਨ ਨੇ ਭਾਰਤ ਵਿਚ ਰਹਿ ਕੇ ਹੀ ਮੂਸੇਵਾਲਾ ਦੀ ਕਤਲਕਾਂਡ ਦੀ ਪਲਾਨਿੰਗ ਕੀਤੀ ਤੇ ਫ਼ਿਰ ਦਿੱਲੀ ਤੋਂ ਜਾਅਲੀ ਸਰਟੀਫਿਕੇਟ ਬਣਾ ਕੇ ਅਜ਼ਰਬੈਜਾਨ ਭੱਜ ਗਿਆ ਸੀ। ਹੁਣ ਸੁਰੱਖਿਆ ਏਜੰਸੀ ਉਸ ਨੂੰ ਵਾਪਸ ਦਿੱਲੀ ਲਿਆਉਣ ਵਿਚ ਲੱਗ ਗਈ ਹੈ।

ਇਸ ਦੇ ਨਾਲ ਹੀ NIA ਨੇ ਲਾਰੈਂਸ ਬਿਸ਼ਨੋਈ ਦੇ ਮੁੱਖ ਸਹਿਯੋਗੀ ਵਿਕਰਮਜੀਤ ਸਿੰਘ ਉਰਫ਼ ਵਿਕਰਮ ਬਰਾੜ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਭਾਰਤ ਡਿਪੋਰਟ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ NIA ਦੀ ਇਕ ਟੀਮ ਸੰਯੁਕਤ ਅਰਬ ਅਮੀਰਾਤ (UAE) ਗਈ ਸੀ ਤਾਂ ਜੋ ਇਸ ਦੇਸ਼ ਨਿਕਾਲੇ ਦੀ ਸਹੂਲਤ ਦਿੱਤੀ ਜਾ ਸਕੇ ਅਤੇ ਉਸ ਨੂੰ ਭਾਰਤ ਵਾਪਸ ਲਿਆਂਦਾ ਜਾ ਸਕੇ। ਬਰਾੜ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਇਲਾਵਾ ਬੇਕਸੂਰ ਲੋਕਾਂ ਅਤੇ ਕਾਰੋਬਾਰੀਆਂ ਦੀ ਟਾਰਗੇਟ ਕਿਲਿੰਗ ‘ਚ ਸ਼ਾਮਲ ਸੀ।

ਦੱਸ ਦੇਈਏ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸ਼ਰੇਆਮ ਹੱਤਿਆ ਕਰ ਦਿੱਤੀ ਗਈ ਸੀ। ਸ਼ੂਟਰਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ ਸਨ। ਇਹ ਸ਼ੂਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਸਨ। ਇਹ ਕਤਲੇਆਮ ਕਿੰਨਾ ਭਿਆਨਕ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੋਸਟਮਾਰਟਮ ਦੌਰਾਨ ਸਿੱਧੂ ਦੇ ਸਰੀਰ ‘ਤੇ 24 ਗੋਲ਼ੀਆਂ ਦੇ ਨਿਸ਼ਾਨ ਮਿਲੇ ਹਨ।

Leave a Reply

Your email address will not be published. Required fields are marked *