ਲੁਧਿਆਣਾ : ਥਾਣਾ ਮਾਡਲ ਟਾਊਨ ਦੀ ਇੰਚਾਰਜ ਗੁਰਸ਼ਿੰਦਰ ਕੌਰ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ‘ਚ ਲੁੱਟ ਦੀ ਕੋਸ਼ਿਸ਼ ਦੇ ਮੁਲਜ਼ਮ ਨੂੰ ਪੇਸ਼ ਕਰਨ ਦੌਰਾਨ ਫਰਾਰ ਹੋਣ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਲੁਟੇਰੇ ਨੂੰ 20 ਮਿੰਟਾਂ ‘ਚ ਕਾਬੂ ਕਰ ਲਿਆ ਗਿਆ ਸੀ। ਫਿਰ ਵੀ ਇਸ ਨੂੰ ਥਾਣਾ ਇੰਚਾਰਜ ਗੁਰਸ਼ਿੰਦਰ ਕੌਰ ਦੀ ਅਣਗਹਿਲੀ ਮੰਨਿਆ ਗਿਆ ਤੇ ਪੁਲਿਸ ਕਮਿਸ਼ਨਰ ਨੇ ਉਸ ਨੂੰ ਮੁਅੱਤਲ ਕਰ ਦਿੱਤਾ।
ਥਾਣਾ ਇੰਚਾਰਜ ’ਤੇ ਪਹਿਲਾਂ ਵੀ ਮਾਡਲ ਟਾਊਨ ਇਲਾਕੇ ’ਚ ਲੁੱਟ-ਖੋਹ ਦੀਆਂ ਵੱਧ ਰਹੀਆਂ ਘਟਨਾਵਾਂ ਤੇ ਪੀੜਤਾਂ ਦੀ ਸੁਣਵਾਈ ਨਾ ਕਰਨ ਦੇ ਦੋਸ਼ ਲੱਗੇ ਸਨ। ਸ਼ਨਿਚਰਵਾਰ ਸ਼ਾਮ ਨੂੰ ਮਾਡਲ ਟਾਊਨ ਇਲਾਕੇ ‘ਚ ਮਨੀ ਐਕਸਚੇਂਜ ਦੀ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਦੁਕਾਨਦਾਰ ਨੇ ਲੋਕਾਂ ਦੀ ਮਦਦ ਨਾਲ ਸ਼ਸ਼ੀਪਾਲ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਮਜੀਠਾ ਰੋਡ ਅੰਮ੍ਰਿਤਸਰ ਤੇ ਜਰਨੈਲ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਦੁੱਗਰੀ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਸੀ।
ਇਸ ਮਾਮਲੇ ‘ਚ ਇਕ ਮੁਲਜ਼ਮ ਸੰਦੀਪ ਸਿੰਘ ਫਰਾਰ ਹੈ। ਐਤਵਾਰ ਨੂੰ ਪੁਲਿਸ ਗ੍ਰਿਫਤਾਰ ਕੀਤੇ ਗਏ ਦੋਹਾਂ ਲੁਟੇਰਿਆਂ ਨੂੰ ਅਦਾਲਤ ‘ਚ ਪੇਸ਼ ਕਰਨ ਪਹੁੰਚੀ। ਇਸ ਦੌਰਾਨ ਥਾਣਾ ਇੰਚਾਰਜ ਦੀ ਹਾਜ਼ਰੀ ‘ਚ ਜਰਨੈਲ ਸਿੰਘ ਫਰਾਰ ਹੋ ਗਿਆ ਸੀ। ਹਾਲਾਂਕਿ ਬਾਅਦ ‘ਚ ਉਸ ਨੂੰ ਫੜ ਲਿਆ ਗਿਆ। ਹੁਣ ਤਕ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸ਼ਸ਼ੀਪਾਲ ‘ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਤੇ ਜ਼ਮਾਨਤ ਮਿਲਣ ਤੋਂ ਬਾਅਦ ਉਹ ਅਦਾਲਤ ‘ਚ ਪੇਸ਼ ਨਹੀਂ ਹੋਇਆ ਤੇ ਉੱਥੇ ਹੀ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਪੁਲਿਸ ਨੇ ਦੋਵਾਂ ਨੂੰ ਇਕ ਦਿਨ ਦੇ ਰਿਮਾਂਡ ‘ਤੇ ਲਿਆ ਹੈ।