ਅੰਮ੍ਰਿਤਸਰ- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਡਾ. ਸਰਬਜੋਤ ਸਿੰਘ ਬਹਿਲ ਨੂੰ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ ਮਹਿੰਗੀ ਪਈ। ਯੂਨੀਵਰਸਿਟੀ ਵਲੋਂ ਉਨ੍ਹਾਂ ਤੋਂ ਮੰਗਲਵਾਰ ਨੂੰ ਅਕਾਦਮਿਕ ਮਾਮਲੇ ਦੇ ਡੀਨ ਦੀ ਜ਼ਿੰਮੇਵਾਰੀ ਵਾਪਸ ਲੈ ਲਈ ਗਈ ਹੈ ਅਤੇ ਇਸ ਅਹੁਦੇ ’ਤੇ ਬਿਕਰਮਜੀਤ ਸਿੰਘ ਬਾਜਵਾ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਡਾ. ਬਹਿਲ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਦੇ ਹੈੱਡ ਦੇ ਅਹੁਦੇ ’ਤੇ ਕੰਮ ਕਰ ਰਹੇ ਸਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਦੋ ਦਿਨਾਂ ਅੰਮ੍ਰਿਤਸਰ ਦੀ ਫੇਰੀ ’ਤੇ ਆਏ ਸਨ, ਜਿਸ ਦੌਰਾਨ ਡਾ. ਸਰਬਜੋਤ ਸਿੰਘ ਬਹਿਲ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਦੌਰਾਨ ਉਨ੍ਹਾਂ ਦੇ ਨਾਲ ਰਹੇ ਸਨ। ਇਸ ਫੇਰੀ ਦੌਰਾਨ ਕੋਈ ਵੀ ਨੇਤਾ ਰਾਹੁਲ ਗਾਂਧੀ ਦੇ ਨੇੜੇ ਨਹੀਂ ਸੀ, ਕਿਉਂਕਿ ਇਹ ਉਨ੍ਹਾਂ ਦੀ ਇਕ ਧਾਰਮਿਕ ਫੇਰੀ ਦੱਸੀ ਗਈ ਸੀ। ਕੁਝ ਹੀ ਚਿਹਰੇ ਸ੍ਰੀ ਹਰਿਮੰਦਰ ਸਾਹਿਬ ਵਿਚ ਰਾਹੁਲ ਗਾਂਧੀ ਨਾਲ ਦੇਖੇ ਗਏ ਸਨ, ਜਿਨ੍ਹਾਂ ਵਿਚੋਂ ਡਾ. ਸਰਬਜੋਤ ਸਿੰਘ ਇਕ ਸਨ। ਡਾ. ਬਹਿਲ ਵਲੋਂ ਆਪਣਾ ਇਹ ਅਹੁਦਾ ਛੱਡਿਆ ਗਿਆ ਹੈ ਜਾਂ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ ਗਿਆ ਹੈ, ਇਸ ਬਾਰੇ ਯੂਨੀਵਰਸਿਟੀ ਵਲੋਂ ਕੁਝ ਵੀ ਨਹੀਂ ਕਿਹਾ ਜਾ ਰਿਹਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਵੇਂ ਨਿਯੁਕਤ ਕੀਤੇ ਗਏ ਡੀਨ ਅਕਾਦਮਿਕ ਬਿਕਰਮਜੀਤ ਸਿੰਘ ਬਾਜਵਾ ਯੂਨੀਵਰਸਿਟੀ ਦੇ ਕਈ ਮਹੱਤਵਪੂਰਨ ਅਹੁਦਿਆਂ ’ਤੇ ਰਹੇ ਹਨ। ਇਸ ਤੋਂ ਪਹਿਲਾਂ ਬਾਜਵਾ ਡੀਨ ਐਲੋਮਨੀ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਡਾਇਰੈਕਟਰ ਪਲੈਸਮੇਂਟ ਦੀ ਸੇਵਾ ਨਿਭਾਅ ਰਹੇ ਸਨ, ਜਦਕਿ ਹੁਣ ਡਾ. ਸਰਬਜੋਤ ਸਿੰਘ ਬਹਿਲ ਦੇ ਅਹੁਦਾ ਛੱਡਣ ਮਗਰੋਂ ਇਸ ’ਤੇ ਬੀ. ਐੱਸ. ਬਾਜਵਾ ਕੰਮਕਾਜ ਸੰਭਾਲ ਰਹੇ ਹਨ।