ਲੁਧਿਆਣਾ ‘ਚ ਡਰੱਗ ਰੈਕਟ ਦਾ ਪਰਦਾਫਾਸ਼, ਕਰੋੜਾਂ ਦੀ ਡਰੱਗ ਮਨੀ ਸਣੇ ਤਸਕਰ ਕਾਬੂ


ਮੁੱਲਾਂਪੁਰ ਦਾਖਾ – ਇੱਥੇ ਬੀਤੀ ਰਾਤ 11 ਵਜੇ ਦੇ ਕਰੀਬ ਜੰਮੂ-ਕਸ਼ਮੀਰ ਅਤੇ ਕਾਊਂਟਰ ਇੰਟੈਲੀਜੈਂਸ ਨੇ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਮੁੱਲਾਂਪੁਰ ਸ਼ਹਿਰ ਦੇ ਦਸ਼ਮੇਸ਼ ਨਗਰ ‘ਚ ਸਰਚ ਆਪਰੇਸ਼ਨ ਚਲਾਇਆ। ਇਸ ਦੌਰਾਨ ਕਿਰਾਏਦਾਰ ਮਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਹਾਲ ਵਾਸੀ ਮੁੱਲਾਂਪੁਰ ਨੂੰ ਕਾਬੂ ਕਰਕੇ ਉਸ ਦੇ ਘਰੋਂ 4 ਕਰੋੜ, 05 ਲੱਖ ਰੁਪਏ ਦੀ ਡਰੱਗ ਮਨੀ, ਇਕ 32 ਬੋਰ ਦੀ ਰਿਵਾਲਵਰ, ਗੱਡੀਆਂ ਦੀਆਂ ਜਾਅਲੀ ਨੰਬਰ ਪਲੇਟਾਂ, ਜਾਅਲੀ ਆਈ. ਡੀ. ਕਾਰਡ, ਨੋਟ ਗਿਣਨ ਵਾਲੀ ਮਸ਼ੀਨ, ਚਿੱਟੇ ਲਿਫ਼ਾਫ਼ੇ, ਚਿੱਟਾ ਪੈਕਿੰਗ ਕਰਨ ਵਾਲੀ ਮਸ਼ੀਨ ਆਦਿ ਸਮਾਨ ਬਰਾਮਦ ਕੀਤਾ ਹੈ।

ਇਸ ਸਬੰਧੀ ਪੰਜਾਬ ਦੇ ਡੀ. ਜੀ. ਪੀ. ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਨਜੀਤ ਸਿੰਘ ‘ਤੇ ਥਾਣਾ ਬਿਲਾਸਪੁਰ ਜ਼ਿਲ੍ਹਾ ਰਾਮਬਾਣ (ਜੰਮੂ-ਕਸ਼ਮੀਰ) ਦੀ ਪੁਲਸ ਨੇ 30 ਕਿੱਲੋ ਕੁਕੀਨ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਸੀ ਅਤੇ ਬੀਤੀ ਰਾਤ ਕਰੀਬ 11 ਵਜੇ ਜੰਮੂ-ਕਸ਼ਮੀਰ ਦੀ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੇ ਤੌਰ ‘ਤੇ ਰਿਕਵਰੀ ਕਰਨ ਲਈ ਮਨਜੀਤ ਸਿੰਘ ਦੀ ਕਿਰਾਏ ‘ਤੇ ਲਈ ਕੋਠੀ ‘ਚ ਛਾਪੇਮਾਰੀ ਕੀਤੀ।

ਜਿੱਥੋਂ ਇਹ ਸਾਰਾ ਸਮਾਨ ਬਰਾਮਦ ਹੋਇਆ। ਭਾਵੇਂ ਕਿ ਜੰਮੂ-ਕਸ਼ਮੀਰ ਦੀ ਪੁਲਸ ਨੇ ਪੱਤਰਕਾਰਾੰ ਨਾਲ ਕੋਈ ਬਰਾਮਦ ਗੱਲ ਸਾਂਝੀ ਨਹੀਂ ਕੀਤੀ ਪਰ ਸਰਕਾਰੀ ਰਿਕਾਰਡ ਮੁਤਾਬਕ ਇਸ ਬਰਾਮਦਗੀ ਦੀ ਪੁਸ਼ਟੀ ਹੋਈ ਹੈ।

Leave a Reply

Your email address will not be published. Required fields are marked *