ਆਪ੍ਰੇਸ਼ਨ ਸਿੰਦੂਰ: ਭਾਰਤੀ ਹਥਿਆਰਬੰਦ ਬਲਾਂ ਵੱਲੋਂ ਪਾਕਿਸਤਾਨ ਅਤੇ ਪੀਓਕੇ (PoK) ’ਚ ਕੀਤੇ ਗਏ ਮਿਜ਼ਾਈਲ ਹਮਲਿਆਂ ਨੂੰ ਦਿੱਤਾ ਗਿਆ ਨਾਮ “ਆਪ੍ਰੇਸ਼ਨ ਸਿੰਦੂਰ” ਕੋਈ ਆਮ ਨਾਮ ਨਹੀਂ ਸੀ। ਸਰਕਾਰੀ ਸਰੋਤਾਂ ਦੇ ਅਨੁਸਾਰ ਇਹ ਭਾਵਨਾਤਮਕ ਨਾਮ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁਣਿਆ ਹੈ।
ਜ਼ਿਕਰਯੋਗ ਹੈ ਕਿ 22 ਅਪਰੈਲ ਨੂੰ ਜੰਮੂ-ਕਸ਼ਮੀਰ ਵਿਚ ਪਹਿਲਗਾਮ ਦੀ ਬੈਸਰਨ ਘਾਟੀ ਵਿਚ ਹੋਏ ਭਿਆਨਕ ਅਤਿਵਾਦੀ ਹਮਲੇ ਵਿਚ 26 ਬੇਕਸੂਰ ਨਾਗਰਿਕ ਮਾਰੇ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ। ਇਸ ਹਮਲੇ ਤੋਂ ਬਾਅਦ ਦੇਸ਼ ਭਰ ਵਿਚ ਸੋਗ ਦੀ ਲਹਿਰ ਫੈਲ ਗਈ, ਇਹ ਉਨ੍ਹਾਂ ਔਰਤਾਂ ਲਈ ਸਭ ਤੋਂ ਵੱਧ ਦਰਦ ਭਰਿਆ ਸੀ ਜਿਨ੍ਹਾਂ ਦੇ ਸੁਹਾਗ ਵਿਛੜ ਗਏ।
ਇਸੇ ਤ੍ਰਾਸਦੀ ਅਤੇ ਭਾਵਨਾਤਮਕ ਦਰਦ ਨੂੰ ਧਿਆਨ ਵਿਚ ਰੱਖਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਇਸ ਜਵਾਬੀ ਫੌਜੀ ਕਾਰਵਾਈ ਦਾ ਨਾਮ ‘ਆਪ੍ਰੇਸ਼ਨ ਸਿੰਦੂਰ’ ਰੱਖਣ ਦਾ ਫੈਸਲਾ ਲਿਆ। ਇਹ ਨਾਮ ਉਨ੍ਹਾਂ ਔਰਤਾਂ ਦੇ ਦੁੱਖ ਦਾ ਪ੍ਰਤੀਕ ਹੈ, ਜਿਨ੍ਹਾਂ ਦੀ ਦਾ ਸਿੰਦੂਰ ਮਿਟਾ ਦਿੱਤਾ ਗਿਆ ਸੀ।
‘ਆਪ੍ਰੇਸ਼ਨ ਸਿੰਦੂਰ’: ਸਿੰਦੂਰ ਦੇ ਸਨਮਾਨ ਅਤੇ ਸ਼ਹਾਦਤ ਦਾ ਜਵਾਬ
ਭਾਰਤੀ ਫੌਜ ਨੇ ਬੁੱਧਵਾਰ ਸਵੇਰੇ ਪਾਕਿਸਤਾਨ ਅਤੇ PoK ਵਿਚ 9 ਆਤੰਕੀ ਠਿਕਾਣਿਆਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਸਰਜੀਕਲ ਮਿਜ਼ਾਈਲ ਸਟ੍ਰਾਈਕ ਵਿਚ ਲਸ਼ਕਰ-ਏ-ਤਈਬਾ ਦੇ 62 ਤੋਂ ਵੱਧ ਅਤਿਵਾਦੀ ਅਤੇ ਉਨ੍ਹਾਂ ਦੇ ਹੈਂਡਲਰ ਮਾਰੇ ਗਏ। ਸਰੋਤਾਂ ਅਨੁਸਾਰ ਇਹ ਗਿਣਤੀ ਹੋਰ ਵਧ ਸਕਦੀ ਹੈ।
ਬੈਸਰਨ ਘਾਟੀ ਹਮਲੇ ਦਾ ਮਕਸਦ ਕਸ਼ਮੀਰ ਘਾਟੀ ਵਿਚ ਧਾਰਮਿਕ ਤਣਾਅ ਪੈਦਾ ਕਰਨਾ ਅਤੇ ਔਰਤਾਂ ਨੂੰ ਵਿਧਵਾ ਬਣਾ ਕੇ ਡਰ ਦਾ ਮਾਹੌਲ ਖੜਾ ਕਰਨਾ ਸੀ। ਕਿਉਂਦਿ ਅਤਿਵਾਦੀਆਂ ਨੇ ਧਰਮ ਪੁੱਛ ਕੇ ਗੋਲੀਆਂ ਚਲਾਈਆਂ ਅਤੇ ਸਿਰਫ਼ ਮਰਦਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਇੱਕ ਯੋਜਨਾਬੱਧ ਕੋਸ਼ਿਸ਼ ਸੀ ਜੋ ਕਿ ਹਿੰਦੂ ਪਰਿਵਾਰਾਂ ਨੂੰ ਤੋੜਨ ਲਈ ਕੀਤੀ ਗਈ।
ਸਾਜ਼ਿਸ਼ ਦਾ ਮਿਲਿਆ ਮੂੰਹਤੋੜ ਜਵਾਬ
ਭਾਰਤੀ ਸੱਭਿਆਚਾਰ ਵਿਚ ‘ਸਿੰਦੂਰ’ ਸੁਹਾਗ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਬੈਸਰਨ ਘਾਟੀ ਵਿਚ ਜਦੋਂ ਨਵ-ਵਿਆਹੇ ਜੋੜੇ ਘੁੰਮਣ ਆਏ ਸਨ ਤਾਂ ਅਤਿਵਾਦੀਆਂ ਨੇ ਨਵ-ਵਿਆਹੀਆਂ ਔਰਤਾਂ ਦੇ ਸਾਹਮਣੇ ਉਨ੍ਹਾਂ ਦੇ ਪਤੀ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਦੌਰਾਨ ਸਾਹਮਣੇ ਆਈ ਇਕ ਨਵਵਾਹੁਤਾ ਦੀ ਤਸਵੀਰ ਜੋ ਆਪਣੇ ਪਤੀ ਦੀ ਲਾਸ਼ ਕੋਲ ਬੈਠੀ ਸੀ, ਨੇ ਪੂਰੇ ਦੇਸ਼ ਨੂੰ ਭਾਵੁਕ ਕਰ ਦਿੱਤਾ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਹਮਲੇ ਤੋਂ ਬਾਅਦ ਸਾਫ਼ ਆਖਿਆ ਸੀ, ‘‘ਅਤਿਵਾਦੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।’’ ਹੁਣ, ਭਾਰਤ ਨੇ ਉਸ ਵਾਅਦੇ ਨੂੰ “ਆਪ੍ਰੇਸ਼ਨ ਸਿੰਦੂਰ” ਰਾਹੀਂ ਪੂਰਾ ਕਰ ਦਿੱਤਾ ਹੈ।
ਅਤਿਵਾਦੀਆਂ ਲਈ ਖੁੱਲ੍ਹਾ ਸੁਨੇਹਾ: ਜਿੱਥੇ ਵੀ ਲੁਕੋ, ਬਚ ਨਹੀਂ ਸਕੋਗੇ
ਭਾਰਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਵੀ ਦੇਸ਼ ਦੀਆਂ ਧੀਆਂ ਦਾ ਸਿੰਦੂਰ ਉਜਾੜਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਮਿੱਟਾ ਦਿੱਤਾ ਜਾਵੇਗਾ। ਭਾਰਤੀ ਫੌਜ ਦੀ ਇਹ ਕਾਰਵਾਈ ਸਿਰਫ਼ ਇਕ ਜਵਾਬ ਨਹੀਂ, ਸਗੋਂ ਇੱਕ ਸਖ਼ਤ ਚੇਤਾਵਨੀ ਹੈ। ਭਾਵੇਂ ਆਤੰਕੀਆਂ ਦੇ ਆਕਾ ਕਿਤੇ ਵੀ ਲੁਕੇ ਹੋਣ, ਭਾਰਤੀ ਫੌਜ ਉਨ੍ਹਾਂ ਨੂੰ ਲੱਭ ਲਵੇਗੀ।