ਜਲੰਧਰ- ਮਹਾਨਗਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਮੰਗਲਵਾਰ ਦਿਨ ਭਰ ਮੀਂਹ ਪਿਆ, ਜਿਸ ਕਾਰਨ ਤਾਪਮਾਨ ’ਚ 4 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ । ਬਰਸਾਤ ਦੇ ਰੂਪ ’ਚ ਆਸਮਾਨ ਤੋਂ ਰਾਹਤ ਬਰਸੀ, ਜਿਸ ਨੇ ਸਰਦੀ ਦੇ ਮੌਸਮ ਦਾ ਅਹਿਸਾਸ ਕਰਵਾਇਆ। ਮੀਂਹ ਨੇ ਕਹਿਰ ਦੀ ਗਰਮੀ ਤੋਂ ਰਾਹਤ ਦਿਵਾਈ ਹੈ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ, ਕਿਉਂਕਿ ਪਿਛਲੇ 10-15 ਦਿਨਾਂ ਤੋਂ ਗਰਮੀ ਨੇ ਕਹਿਰ ਮਚਾਇਆ ਸੀ, ਜਿਸ ਕਾਰਨ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ। ਪਿਛਲੇ 1-2 ਦਿਨਾਂ ਤੋਂ ਬਰਸਾਤ ਦਾ ਮੌਸਮ ਬਣਿਆ ਸੀ ਪਰ ਮੀਂਹ ਨੇ ਆਪਣਾ ਪੂਰਾ ਰੰਗ ਵਿਖਾਇਆ।
ਭਾਵੇਂ ਹੌਲੀ-ਹੌਲੀ ਮੀਂਹ ਪਿਆ ਪਰ ਦਿਨ ਭਰ ਪਏ ਮੀਂਹ ਕਾਰਨ ਤਾਪਮਾਨ 4 ਡਿਗਰੀ ਤੋਂ ਵੱਧ ਡਿੱਗ ਗਿਆ। ਸੋਮਵਾਰ ਤਾਪਮਾਨ 34 ਡਿਗਰੀ ਨੂੰ ਪਾਰ ਕਰ ਗਿਆ ਸੀ ਪਰ ਮੰਗਲਵਾਰ ਤਾਪਮਾਨ 30.5 ਡਿਗਰੀ ਦੇ ਕਰੀਬ ਆ ਗਿਆ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 25 ਡਿਗਰੀ ਤੱਕ ਪਹੁੰਚ ਗਿਆ ਹੈ, ਜੋਕਿ ਵੱਡੀ ਰਾਹਤ ਦੀ ਗੱਲ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਹਫ਼ਤੇ ਦੇ ਅੰਤ ਤੱਕ ਇਕ ਵਾਰ ਫਿਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ।