ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨਾਲ ਗਠਜੋੜ ਕਰ ਚੁੱਕਾ ਹੈ। ਅਕਾਲੀ ਦਲ ਨਾਲ ਗਠਜੋੜ ਕਰਨ ਲਈ ਭਾਜਪਾ ਨੇ ਸ਼ਰਤ ਰੱਖੀ ਹੈ ਕਿ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਚੋਣਾਂ ਨਹੀਂ ਲੜਨਗੇ ਅਤੇ ਸਿਰਫ ਹਰਸਿਮਰਤ ਕੌਰ ਬਾਦਲ ਹੀ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮੰਨਣਾ ਹੈ ਕਿ ਸੂਬੇ ਦੇ ਕਿਸਾਨਾਂ ਨਾਲ ਜੋ ਧੱਕਾ ਹੋਇਆ, ਉਸ ਨੂੰ ਲੈ ਕੇ ਪੰਜਾਬ ਦੀ ਜਨਤਾ ‘ਚ ਸੁਖਬੀਰ ਅਤੇ ਮਜੀਠੀਆ ਖ਼ਿਲਾਫ਼ ਬਹੁਤ ਨਫ਼ਰਤ ਹੈ, ਇਸ ਲਈ ਪਾਰਟੀ ਉਨ੍ਹਾਂ ਨੂੰ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਦੇਵੇਗੀ। ਕੰਗ ਨੇ ਕਿਹਾ ਕਿ ਅਕਾਲੀ-ਭਾਜਪਾ ਦਾ ਇਹ ਗਠਜੋੜ ਸਿਰੇ ਚੜ੍ਹ ਗਿਆ ਹੈ।
ਇਹ ਲੋਕ ਇਸ ਗੱਲ ਦਾ ਖ਼ੁਲਾਸਾ ਇਸ ਲਈ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਗਾਲ੍ਹਾਂ ਬਹੁਤ ਕੱਢਣੀਆਂ ਹਨ ਕਿਉਂਕਿ ਭਾਜਪਾ ਨੇ ਜਿੱਥੇ ਕਿਸਾਨਾਂ ਨਾਲ ਅਨਿਆ ਕੀਤਾ, ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਜਨਤਾ ‘ਚ ਅਕਾਲੀ ਦਲ ਪ੍ਰਤੀ ਬੇਹੱਦ ਗੁੱਸਾ ਹੈ। ਮਾਲਵਿੰਦਰ ਕੰਗ ਨੇ ਅਕਾਲੀ ਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਜਿਹੜੇ 750 ਤੋਂ ਵੱਧ ਕਿਸਾਨ ਸ਼ਹੀਦ ਹੋਏ ਹਨ, ਕੀ ਅਕਾਲੀ ਦਲ ਨੇ ਭਾਜਪਾ ਨੂੰ ਉਸ ਇਲਜ਼ਾਮ ਤੋਂ ਬਰੀ ਕਰ ਦਿੱਤਾ ਹੈ। ਅਕਾਲੀ ਦਲ ਇਸ ਗੱਲ ਦਾ ਵੀ ਜਵਾਬ ਦੇਵੇ ਕਿ ਕਿਸਾਨੀ ਅੰਦੋਲਨ ਦੇ ਸਮਰਥਨ ‘ਚ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪਦਮ ਵਿਭੂਸ਼ਣ ਐਵਾਰਡ ਵਾਪਸ ਕਰ ਦਿੱਤਾ ਸੀ ਤਾਂ ਹੁਣ ਉਸ ਦਾ ਸਟੇਟਸ ਕੀ ਹੈ। ਕੰਗ ਨੇ ਕਿਹਾ ਕਿ ਇਸ ਗਠਜੋੜ ਨੂੰ ਪੰਜਾਬ ਦੇ ਲੋਕ ਕਦੇ ਮੂੰਹ ਨਹੀਂ ਲਾਉਣਗੇ।
ਇਸ ਗਠਜੋੜ ਨੂੰ ‘ਅਨਹੋਲੀ’ ਗਠਜੋੜ ਕਰਾਰ ਦਿੰਦਿਆਂ ਕੰਗ ਨੇ ਕਿਹਾ ਕਿ ਇਨ੍ਹਾਂ ਦੋਹਾਂ ਪਾਰਟੀਆਂ ਨੇ ਇਸ ਦਾ ਖ਼ੁਲਾਸਾ ਨਹੀਂ ਕਰਨਾ ਅਤੇ ਇਹ ਪੁਖ਼ਤਾ ਖ਼ਬਰ ਹੈ ਅਤੇ ਦੋਵੇਂ ਪਾਰਟੀਆਂ ਸਾਰਥਕ ਮਾਹੌਲ ਦੀ ਉਡੀਕ ‘ਚ ਹਨ। ਕੰਗ ਨੇ ਕਿਹਾ ਕਿ ਲੋਕਾਂ ਦੇ ਦਬਾਅ ਕਾਰਨ ਅਕਾਲੀ ਦਲ ਨੇ ਥੋੜ੍ਹੀ ਦੇਰ ਭਾਜਪਾ ਤੋਂ ਦੂਰੀਆਂ ਜ਼ਰੂਰ ਵਧਾਈਆਂ ਸਨ ਪਰ ਹੁਣ ਉਸ ਨਾਲ ਗਠਜੋੜ ਕਰਨ ਲਈ ਤਰਲੋ-ਮੱਛੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਰੀਬ 15 ਦਿਨ ਪਹਿਲਾਂ ਇਨ੍ਹਾਂ ਦੋਹਾਂ ਦੀ ਮੀਟਿੰਗ ਹੋਈ ਸੀ, ਜਿਸ ਦੀ ਅਗਵਾਈ ਹਰਸਿਮਰਤ ਕੌਰ ਬਾਦਲ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਪੰਜਾਬੀਆਂ ਦੇ ਸਵਾਲਾਂ ਦੇ ਜਵਾਬ ਦੇਣਗੇ ਪੈਣਗੇ। ਮਾਲਵਿੰਦਰ ਕੰਗ ਨੇ ਕਿਹਾ ਕਿ ਇਨ੍ਹਾਂ ਦੇ ਗਠਜੋੜ ਦਾ ਆਮ ਆਦਮੀ ਪਾਰਟੀ ਪੰਜਾਬ ਨੂੰ ਕੋਈ ਨੁਕਸਾਨ ਨਹੀਂ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਤਰੱਕੀ ਦੀ ਰਾਹ ਵੱਲ ਜਾ ਰਿਹਾ ਹੈ।