ਮੋਹਾਲੀ : ਇੱਥੇ ਸੈਕਟਰ-82 ਸਥਿਤ ਐਮਿਟੀ ਯੂਨਿਵਰਸਿਟੀ ‘ਚ ‘ਪੰਜਾਬ ਟੂਰਿਜ਼ਮ ਸਮਿੱਟ’ ਦਾ ਆਗਾਜ਼ ਹੋ ਚੁੱਕਾ ਹੈ। ਮੁੱਖ ਮੰਤਰੀ ਭਗਵੰਤ ਮਾਨ ਪ੍ਰੋਗਰਾਮ ‘ਚ ਸ਼ਿਰਕੱਤ ਕਰ ਚੁੱਕੇ ਹਨ। ਉਨ੍ਹਾਂ ਨਾਲ ਸੰਸਦ ਮੈਂਬਰ ਸੰਜੀਵ ਅਰੋੜਾ, ਕਪਿਲ ਸ਼ਰਮਾ, ਪੰਜਾਬ ਦੇ ਮੁੱਖ ਸਕੱਤਰ, ਅਨਮੋਲ ਗਗਨ ਮਾਨ, ਸਤਿੰਦਰ ਸੱਤੀ ਅਤੇ ਹੋਰ ਸ਼ਖ਼ਸੀਅਤਾਂ ਸਟੇਜ ‘ਤੇ ਮੌਜੂਦ ਹਨ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ‘ਚ ਧਾਰਮਿਕ ਟੂਰਿਜ਼ਮ ਸਭ ਤੋਂ ਜ਼ਿਆਦਾ ਹੈ ਅਤੇ ਡੇਢ ਲੱਖ ਦੇ ਕਰੀਬ ਸ਼ਰਧਾਲੂ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਦੇ ਹਨ।
ਇਸ ਤੋਂ ਇਲਾਵਾ 25-30 ਹਜ਼ਾਰ ਲੋਕ ਵਾਹਗਾ ਬਾਰਡਰ ਦੇਖਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਧਾਰਮਿਕ ਟੂਰਿਜ਼ਮ ਦੇ ਨਾਲ-ਨਾਲ ਬਾਰਡਰ ਟੂਰਿਜ਼ਮ, ਨੇਚਰ ਟੂਰਿਜ਼ਮ ਦੇਖਣ ਨੂੰ ਮਿਲਦਾ ਹੈ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦਾ ਸੁਫ਼ਨਾ ਪੰਜਾਬ ਨੂੰ ਟੂਰਿਜ਼ਮ ‘ਚ ਬਹੁਤ ਅੱਗੇ ਲੈ ਕੇ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਇਨਵੈਸਟਰਾਂ ਨੂੰ ਪਹਿਲਾਂ ਪੰਜਾਬ ‘ਚ ਬਹੁਤ ਮੁਸ਼ਕਲਾਂ ਆਉਂਦੀਆਂ ਸਨ ਪਰ ਹੁਣ ਸਰਕਾਰ ਦਾ ਇਕ ਵੀ ਬੰਦਾ ਉਨ੍ਹਾਂ ਨੂੰ ਤੰਗ ਨਹੀਂ ਕਰੇਗਾ। ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਸਰਕਾਰ ਇਸ ਸਮਿੱਟ ਦੀ ਤਿਆਰੀ ਕਰ ਰਹੀ ਸੀ, ਜੋ ਕਿ ਪੰਜਾਬ ‘ਚ ਪਹਿਲਾ ਮੌਕਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਐਡਵੈਂਚਰ ਤੇ ਵਾਟਰ ਟੂਰਿਜ਼ਮ ਪਾਲਿਸੀ ਲਾਂਚ ਕੀਤੀ ਹੈ। ਕਪਿਲ ਸ਼ਰਮਾ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਪੂਰਾ ਦੇਸ਼ ਦਿਨ ਭਰ ਥੱਕਿਆ ਘਰ ਆਉਂਦਾ ਹੈ ਤਾਂ ਸ਼ਾਮ ਨੂੰ ਪੰਜਾਬ ਦੇ ਪੁੱਤ ਕਪਿਲ ਸ਼ਰਮਾ ਦਾ ਸ਼ੋਅ ਦੇਖ ਕੇ ਆਪਣੀ ਥਕਾਵਟ ਦੂਰ ਕਰਦਾ ਹੈ ਅਤੇ ਸਾਨੂੰ ਇਨ੍ਹਾਂ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਟੂਰਿਜ਼ਮ ਨੂੰ ਅੱਗੇ ਲਿਜਾਣ ਲਈ ਸਰਕਾਰ ਦਿਨ-ਰਾਤ ਮਿਹਨਤ ਕਰ ਰਹੀ ਹੈ ਅਤੇ ਪੰਜਾਬ ‘ਚ ਨੇਚਰ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਅਤੇ ਹੁਸ਼ਿਆਰਪੁਰ ਤੱਕ ਸਾਰਾ ਖੇਤਰ ਨੇਚਰ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਇਸ ਮੌਕੇ ਨਿਵੇਸ਼ਕਾਂ ਨੂੰ ਪੰਜਾਬ ‘ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।