ਮੰਡੀ- ਪਿਛਲੇ ਮਹੀਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ 385 ਸਕੂਲ ਦੀਆਂ ਇਮਾਰਤਾਂ ਨੁਕਸਾਨੀਆਂ ਗਈਆਂ, ਜਿਸ ਨਾਲ ਸਿੱਖਿਆ ਮਹਿਕਮੇ ਨੂੰ 27.5 ਕਰੋੜ ਰੁਪਏ ਦਾ ਨੁਕਸਾਨ ਹੋਇਆ। ਹਾਲਾਂਕਿ ਆਨਲਾਈਨ ਕਲਾਸਾਂ ਚਲਾਉਣ ਲਈ ਇਕ ਅਸਥਾਈ ਪ੍ਰਬੰਧ ਕੀਤਾ ਗਿਆ ਹੈ। ਦੂਰ-ਦੁਰਾਡੇ ਦੇ ਖੇਤਰਾਂ ‘ਚ ਮਾੜੀ ਇੰਟਰਨੈਟ ਕਨੈਕਟੀਵਿਟੀ ਇਕ ਵੱਡੀ ਚੁਣੌਤੀ ਬਣੀ ਹੋਈ ਹੈ।
ਸਿੱਖਿਆ ਮਹਿਕਮੇ ਮੁਤਾਬਕ ਮਾਨਸੂਨ ਦੇ ਕਹਿਰ ਨਾਲ 339 ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ, ਜਿਨ੍ਹਾਂ ‘ਚੋਂ 16 ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਜਾਇਦਾਦ ਦੇ ਨੁਕਸਾਨ ਦਾ ਅੰਦਾਜ਼ਾ ਲਗਭਗ 16 ਕਰੋੜ ਰੁਪਏ ਸੀ। ਇਸੇ ਤਰ੍ਹਾਂ 46 ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਇਮਾਰਤਾਂ ਮੀਂਹ ਕਾਰਨ ਡਿੱਗ ਗਈਆਂ, ਜਿਸ ਨਾਲ ਮਹਿਕਮੇ ਨੂੰ 11.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੰਸਦ ਮੈਂਬਰ ਪ੍ਰਤਿਭਾ ਸਿੰਘ ਨੇ ਹਾਲ ਹੀ ‘ਚ ਸਥਿਤੀ ਦਾ ਜਾਇਜ਼ਾ ਲੈਣ ਲਈ ਨਾਚਨ, ਬਲਹ, ਦਰੰਗ, ਸਰਕਾਘਾਟ ਅਤੇ ਸੁੰਦਰਨਗਰ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ। ਕਈ ਚਿੰਤਤ ਮਾਪਿਆਂ ਨੇ ਪ੍ਰਤਿਭਾ ਨੂੰ ਕਲਾਸਾਂ ਮੁੜ ਸ਼ੁਰੂ ਕਰਨ ‘ਚ ਮਦਦ ਕਰਨ ਦੀ ਅਪੀਲ ਕੀਤੀ।
ਸੰਸਦ ਮੈਂਬਰ ਨੇ ਸਿੱਖਿਆ ਮੰਤਰੀ ਰੋਹਿਤ ਠਾਕੁਰ ਨੂੰ ਚਿੱਠੀ ਲਿਖ ਕੇ ਮੰਡੀ ‘ਚ ਨੁਕਸਾਨੀਆਂ ਗਈਆਂ ਸਕੂਲੀ ਇਮਾਰਤਾਂ ਦੀ ਛੇਤੀ ਬਹਾਲੀ ਨੂੰ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਹੈ। ਨੁਕਸਾਨ ਬਹੁਤ ਜ਼ਿਆਦਾ ਹੈ। ਹਾਲਾਂਕਿ ਜ਼ਿਆਦਾਤਰ ਥਾਵਾਂ ‘ਤੇ ਕਲਾਸਾਂ ਪਿੰਡ ਵਾਸੀਆਂ ਵਲੋਂ ਭੇਟ ਕੀਤੇ ਮੰਦਰਾਂ ਜਾਂ ਇਮਾਰਤਾਂ ਤੋਂ ਲਈਆਂ ਜਾ ਰਹੀਆਂ ਹਨ। ਚੀਜ਼ਾਂ ਨੂੰ ਪਟੜੀ ‘ਤੇ ਲਿਆਉਣ ਲਈ ਬਹਾਲੀ ਦਾ ਕੰਮ ਚੱਲ ਰਿਹਾ ਹੈ।