ਨੈਸ਼ਨਲ ਡੈਸਕ- ਮਿਸ਼ਨ ਮੂਨ ਯਾਨੀ ਕਿ ਚੰਦਰਯਾਨ-3 ਨੇ ਇਤਿਹਾਸ ਰਚ ਦਿੱਤਾ ਹੈ। ਚੰਦਰਯਾਨ-3 ਮਿਸ਼ਨ ਚੰਨ ਦੇ ਦੱਖਣੀ ਧਰੁਵ ‘ਤੇ ਲੈਂਡਰ ‘ਵਿਕਰਮ’ ਅਤੇ ਰੋਵਰ ‘ਪ੍ਰਗਿਆਨ’ ਨਾਲ ਲੈੱਸ ਸਫ਼ਲਤਾਪੂਰਵਕ ਕਦਮ ਰੱਖ ਚੁੱਕਾ ਹੈ। ਭਾਰਤ, ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਫਟ ਲੈਂਡਿੰਗ ਕਰਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਉੱਥੇ ਹੀ ਇਸ ਸਫ਼ਲਤਾ ਮਗਰੋਂ ਇਸਰੋ ਮੁਖੀ ਐੱਸ. ਸੋਮਨਾਥ ਨੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਦਿਆਂ ਦੱਸਿਆ ਕਿ ਮਨ ‘ਤੇ ਕੀ ਬੀਤੀ, ਇਸ ਦਾ ਵਰਣਨ ਕਰਨਾ ਬਹੁਤ ਮੁਸ਼ਕਲ ਹੈ। ਇਹ ਖੁਸ਼ੀ ਹੋ ਸਕਦੀ ਹੈ, ਇਹ ਉਪਲੱਬਧੀ ਦਾ ਸਾਰ ਹੋ ਸਕਾਦ ਹੈ ਅਤੇ ਯੋਗਦਾਨ ਪਾਉਣ ਵਾਲੇ ਸਾਰੇ ਲੋਕਾਂ ਨੂੰ ਧੰਨਵਾਦ ਹੋ ਸਕਦਾ ਹੈ।
ਇਸਰੋ ਮੁਖੀ ਨੇ ਕਿਹਾ ਕਿ ਅਸੀਂ ਦੱਖਣੀ ਧਰੁਵ ਦੇ ਨੇੜੇ ਪਹੁੰਚ ਗਏ ਹਾਂ, ਜੋ ਲੱਗਭਗ 70 ਡਿਗਰੀ ‘ਤੇ ਹੈ। ਸੂਰਜ ਤੋਂ ਘੱਟ ਰੌਸ਼ਨੀ ਹੋਣ ਦੇ ਸਬੰਧ ‘ਚ ਦੱਖਣੀ ਧਰੁਵ ਨੂੰ ਇਕ ਖ਼ਾਸ ਲਾਭ ਹੈ, ਜਿਸ ਤੋਂ ਵੱਧ ਵਿਗਿਆਨਕ ਸਮੱਗਰੀ ਹੋਣ ਦੀ ਸੰਭਾਵਨਾ ਹੈ। ਚੰਦਰਮਾ ‘ਤੇ ਕੰਮ ਕਰ ਰਹੇ ਵਿਗਿਆਨੀਆਂ ਨੇ ਦੱਖਣੀ ਧਰੁਵ ਵਿਚ ਬਹੁਤ ਦਿਲਚਸਪੀ ਵਿਖਾਈ ਕਿਉਂਕਿ ਮਨੁੱਖ ਉੱਥੇ ਬਸਤੀ ਬਣਾਉਣਾ ਚਾਹੁੰਦੇ ਹਨ ਅਤੇ ਫਿਰ ਉਸ ਤੋਂ ਅੱਗੇ ਦੀ ਯਾਤਰਾ ਕਰਨਾ ਚਾਹੁੰਦੇ ਹਨ, ਇਸ ਲਈ ਅਸੀਂ ਦੱਖਣੀ ਧਰੁਵ ਵਿਚ ਇਸ ਜਗ੍ਹਾ ਨੂੰ ਚੁਣਿਆ ਹੈ।
ਚੰਨ ਦੀ ਸਤ੍ਹਾ ‘ਤੇ ਪੁੱਜੇ ਚੰਦਰਯਾਨ-3 ਮਿਸ਼ਨ ਦੇ ਲੈਂਡਰ ‘ਵਿਕਰਮ’ ਤੋਂ ਰੋਵਰ ‘ਪ੍ਰਗਿਆਨ’ ਬਾਹਰ ਨਿਕਲ ਆਇਆ ਹੈ ਅਤੇ ਇਹ ਹੁਣ ਚੰਨ੍ਹ ਦੀ ਸਤ੍ਹਾ ‘ਤੇ ਘੁੰਮੇਗਾ। ਇਸਰੋ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵੀਰਵਾਰ ਨੂੰ ਟਵੀਟ ਕਰਕੇ ਲਿਖਿਆ, “ਚੰਦਰਯਾਨ-3 ਰੋਵਰ: ‘ਮੇਡ ਇਨ ਇੰਡੀਆ – ਮੇਡ ਫਾਰ ਮੂਨ। ਚੰਦਰਯਾਨ-3 ਦਾ ਰੋਵਰ ਲੈਂਡਰ ਤੋਂ ਬਾਹਰ ਨਿਕਲ ਆਇਆ ਹੈ। ਭਾਰਤ ਨੇ ਕੀਤੀ ਚੰਨ੍ਹ ‘ਤੇ ਸੈਰ !’ ਅਧਿਕਾਰਤ ਸੂਤਰਾਂ ਨੇ ਪਹਿਲਾਂ ਹੀ ਲੈਂਡਰ ‘ਵਿਕਰਮ’ ਤੋਂ ਰੋਵਰ ‘ਪ੍ਰਗਿਆਨ’ ਦੇ ਸਫ਼ਲਤਾਪੂਰਵਕ ਬਾਹਰ ਨਿਕਲਣ ਦੀ ਪੁਸ਼ਟੀ ਕਰ ਦਿੱਤੀ ਸੀ।