ਕੁੱਲੂ- ਹਿਮਾਚਲ ਪ੍ਰਦੇਸ਼ ‘ਚ ਮੰਗਲਵਾਰ ਰਾਤ ਨੂੰ ਹੋਈ ਮੋਹਲੇਧਾਰ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਚ 12 ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਘਰਾਂ ਦੇ ਢਹਿਣ ਤੋਂ ਇਲਾਵਾ 400 ਤੋਂ ਜ਼ਿਆਦਾ ਸੜਕਾਂ ਬੰਦ ਹੋ ਗਈਆਂ ਹਨ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਸੂਬੇ ਦੇ 12 ‘ਚੋਂ 6 ਜ਼ਿਲ੍ਹਿਆਂ ‘ਚ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਲਗਾਉਂਦੇ ਹੋਏ ਬੁੱਧਵਾਰ ਨੂੰ ‘ਰੈੱਡ ਅਲਰਟ’ ਜਾਰੀ ਕੀਤਾ ਹੈ।
ਇਸ ਵਿਚਕਾਰ ਹਿਮਾਚਲ ਦੇ ਕੁੱਲੂ ‘ਚ ਵੀਰਵਾਰ ਸਵੇਰੇ ਹੋਈ ਤੇਜ਼ ਬਾਰਿਸ਼ ਦੇ ਚਲਦੇ ਕਈ ਬਹੁਮੰਜ਼ਿਲਾ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ‘ਚ ਸ਼ਿਮਲਾ ‘ਚ ਹੋਈ ਭਾਰੀ ਤਬਾਹੀ ਦਿਸ ਰਹੀ ਹੈ। ਕੁੱਲੂ ‘ਚ ਸਥਿਤ ਨਵੇਂ ਬੱਸ ਸਟੈਂਡ ਦੇ ਨੇੜੇ ਇਕ ਤੋਂ ਬਾਅਦ ਇਕ 8 ਬਹੁਮੰਜ਼ਿਲਾ ਇਮਾਰਤਾਂ ਸਿਰਫ 26 ਸਕਿੰਟਾਂ ‘ਚ ਢਹਿ-ਢੇਰੀ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਹੋ ਰਹੀ ਬਾਰਿਸ਼ ਦੇ ਚਲਦੇ ਇਨ੍ਹਾਂ ਇਮਾਰਤਾਂ ‘ਚ ਤਰੇੜਾਂ ਆ ਗਈਆਂ ਸਨ। ਇਸਤੋਂ ਬਾਅਦ ਇਨ੍ਹਾਂ ਨੂੰ ਤਿੰਨ ਦਿਨ ਪਹਿਲਾਂ ਹੀ ਖ਼ਾਲੀ ਕਰਵਾ ਲਿਆ ਗਿਆ ਸੀ।