ਪਟਿਆਲਾ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਅੱਜ ਕੱਲ੍ਹ ਟੀ-20 ਵਿਸ਼ਵ ਕੱਪ ਦੇ ਮੈਚਾਂ ਵਿਚ ਇਕੱਠੇ ਹਾਸੇ ਠੱਠੇ ਕਰਦੇ ਨਜ਼ਰ ਆ ਰਹੇ ਹਨ। ਵਾਇਰਲ ਹੋਈ ਵੀਡੀਓ ਨੇ ਇਕ ਵਾਰ ਪੰਜਾਬ ਦੀ ਸਿਆਸਤ ਵਿੱਚ ਚਰਚਾ ਛੇੜ ਦਿੱਤੀ ਹੈ ਅਤੇ ਦੋਵਾਂ ਨੂੰ ਲੋਕਾਂ ਦੀਆਂ ਅਸੀਸਾਂ ਵੀ ਮਿਲ ਰਹੀਆਂ ਹਨ।
ਬੇਸ਼ੱਕ ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਉਡੀਕ ਹੁੰਦੀ ਰਹੀ ਪਰ ਸਿੱਧੂ ਕ੍ਰਿਕਟ ਨੂੰ ਮੁੜ ਪ੍ਰਣਾਏ ਗਏ। ਉਹ ਪਹਿਲਾਂ ਆਈਪੀਐਲ ਵਿੱਚ ਤੇ ਹੁਣ ਟੀ-20 ਵਿਸ਼ਵ ਕੱਪ ਵਿੱਚ ਕੁਮੈਂਟਰੀ ਕਰਦੇ ਨਜ਼ਰ ਆ ਰਹੇ ਹਨ। ਉਹ ਫ਼ਿਲਮੀ ਕਲਾਕਾਰਾਂ ਸਣੇ ਹਰਭਜਨ ਸਿੰਘ ਭੱਜੀ ਨਾਲ ਨਿਊਯਾਰਕ ਦੀ ਰਾਕਫਿਲਰ ਇਮਾਰਤ ਦੀ 70ਵੀਂ ਮੰਜ਼ਿਲ ’ਤੇ ਖੜ੍ਹ ਕੇ ਠਹਾਕੇ ਲਾਉਂਦੇ ਵੀ ਨਜ਼ਰ ਆਉਂਦੇ ਹਨ। ਸੋਸ਼ਲ ਮੀਡੀਆ ’ਤੇ ਨਵਜੋਤ ਤੇ ਹਰਭਜਨ ਦੀ ਖ਼ੁਸ਼ੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿਆਸਤ ਇਨ੍ਹਾਂ ਨੂੰ ਰਾਸ ਨਹੀਂ ਆਈ, ਨਵਜੋਤ ਸਿੱਧੂ ਉੱਤੇ ਭੱਜੀ ਜਦੋਂ ਨੋਟਾਂ ਦੀ ਬਾਰਸ਼ ਕਰਦੇ ਹਨ ਤਾਂ ਨਵਜੋਤ ਸਿੱਧੂ ਹਰਭਜਨ ਭੱਜੀ ਨੂੰ ਗਲ ਲਾ ਕੇ ਘੁੱਟ ਕੇ ਜੱਫੀ ਵਿੱਚ ਲੈਂਦਾ ਹੈ।
ਸਟਾਰ ਸਪੋਰਟਸ ਨੇ ਨਵਜੋਤ ਸਿੱਧੂ ਦੇ ਐਕਸ ਹੈਂਡਲ ’ਤੇ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ‘ਇਸ ਜੋੜੀ ਕੋ ਨਜ਼ਰ ਨਾ ਲਗੇ’। ਕਦੇ ਭਾਜਪਾ ਵਿਚ ਫੇਰ ਕਾਂਗਰਸ ਵਿੱਚ ਸਰਗਰਮ ਸਿਆਸਤਦਾਨ ਨਵਜੋਤ ਸਿੱਧੂ ਲੋਕ ਸਭਾ ਚੋਣਾਂ ਤੋਂ ਦੂਰ ਰਹੇ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਕਾਂਗਰਸ ਨੇ ਅੰਮ੍ਰਿਤਸਰ ਸੀਟ ’ਤੇ ਕਬਜ਼ਾ ਕਰ ਲਿਆ, ਹੁਣ ਤਾਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਉਨ੍ਹਾਂ ਦੀ ਯਾਦ ਵੀ ਕਰਨੀ ਬੰਦ ਕਰ ਦਿੱਤੀ ਹੈ।
ਹੁਣ ਜਦੋਂ ਕ੍ਰਿਕਟ ਟੀ-20 ਵਿਸ਼ਵ ਕੱਪ ਦਾ ਪਾਕਿਸਤਾਨ ਤੇ ਭਾਰਤ ਵਿਚਕਾਰ ਨਿਊਯਾਰਕ ਵਿੱਚ ਮੈਚ ਸੀ ਤਾਂ ਉੱਥੇ ਵੀ ਨਵਜੋਤ ਸਿੱਧੂ ਤੇ ਹਰਭਜਨ ਭੱਜੀ ਨਜ਼ਰ ਆਏ। ਉਹ ਦੋਵੇਂ ਇਕੱਠੇ ਨਜ਼ਰ ਆਏ। ਹੁਣ ਤਾਂ ਨਵਜੋਤ ਸਿੱਧੂ ਦੇ ਸਮਰਥਕ ਵੀ ਖਾਸੇ ਨਿਰਾਸ਼ ਹਨ। ਹਰਭਜਨ ਸਿੰਘ ਭੱਜੀ ਤੇ ਨਵਜੋਤ ਸਿੱਧੂ ਦੀ ਇਸ ਮਿਲਣੀ ਵਿੱਚ ਹਾਸੇ ਠੱਠੇ ਦੀ ਪ੍ਰਕਿਰਿਆ ਪੰਜਾਬ ਦੀ ਸਿਆਸਤ ਵਿਚ ਜ਼ਰੂਰ ਹਲਚਲ ਕਰੇਗੀ।