ਸਤਲੁਜ ’ਚ ਪਾਣੀ ਦਾ ਪੱਧਰ ਵਧਿਆ, BSF ਦੀਆਂ ਚੌਕੀਆਂ ਅਤੇ ਬਾਰਡਰ ’ਤੇ ਫੈਂਸਿੰਗ ਡੁੱਬੀ


ਨੰਗਲ/ਰੂਪਨਗਰ/ਫਿਰੋਜ਼ਪੁਰ/ਹਾਜ਼ੀਪੁਰ – ਹਿਮਾਚਲ ਪ੍ਰਦੇਸ਼ ਦੇ ਉੱਪਰੀ ਇਲਾਕਿਆਂ ਤੋਂ ਭਾਵੇਂ ਪਾਣੀ ਦੀ ਆਮਦ ’ਚ ਗਿਰਾਵਟ ਆਈ ਹੈ ਪਰ ਭਾਖੜਾ ਬੰਨ੍ਹ ਪ੍ਰਬੰਧਨ ਵੱਲੋਂ 4 ਤੋਂ 6 ਫੁੱਟ ਤੱਕ ਫਲੱਡ ਗੇਟ ਖੋਲ੍ਹ ਕੇ ਨੰਗਲ ਡੈਮ ’ਚ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਬੰਨ੍ਹ ’ਚ ਪਾਣੀ ਦਾ ਪੱਧਰ ਸ਼ੁੱਕਰਵਾਰ ਨੂੰ 1674.87 ਫੁੱਟ ਦਰਜ ਕੀਤਾ ਗਿਆ। ਨੰਗਲ ਡੈਮ ਤੋਂ ਸਤਲੁਜ ਦਰਿਆ ’ਚ ਪਾਣੀ ਛੱਡਣ ਕਾਰਨ ਆਲੇ-ਦੁਆਲੇ ਦੇ ਸੈਂਕੜੇ ਪਿੰਡ ਅਜੇ ਵੀ ਹੜ੍ਹ ਦੇ ਪਾਣੀ ਤੋਂ ਪ੍ਰਭਾਵਿਤ ਹਨ। ਪਿੰਡ ਭਲਾਣ ਤੋਂ ਮਜਾਰੀ ਅਤੇ ਹਰਸਾ ਬੇਲਾ ਨੂੰ ਜਾਣ ਵਾਲੀ 4 ਕਿਲੋਮੀਟਰ ਸੜਕ ’ਚੋਂ 100-100 ਫੁੱਟ ਸੜਕ ਪਾਣੀ ’ਚ ਡੁੱਬ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਦਫ਼ਤਰ ਨੇ ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ’ਚ 19 ਅਗਸਤ ਨੂੰ ਛੁੱਟੀ ਦਾ ਹੁਕਮ ਜਾਰੀ ਕੀਤਾ ਹੈ।

ਓਧਰ ਪੌਂਗ ਡੈਮ ਝੀਲ ’ਚ ਪਾਣੀ ਦਾ ਪੱਧਰ 1393.57 ਫੁੱਟ ਨੋਟ ਕੀਤਾ ਗਿਆ, ਜੋ ਖਤਰੇ ਦੇ ਨਿਸ਼ਾਨ ਤੋਂ 3.57 ਫੁੱਟ ਜ਼ਿਆਦਾ ਹੈ। ਸ਼ੁੱਕਰਵਾਰ ਨੂੰ ਪੌਂਗ ਡੈਮ ਤੋਂ ਸਪਿਲਵੇ ਰਾਹੀਂ 62,685 ਅਤੇ ਪਾਵਰ ਹਾਊਸ ਰਾਹੀਂ 17,030 ਕੁੱਲ 79,715 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਗਿਆ। ਸ਼ਾਹ ਨਹਿਰ ਬੈਰਾਜ ’ਚੋਂ ਸ਼ੁੱਕਰਵਾਰ 69,515 ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ ਜਾ ਰਿਹਾ ਹੈ। ਸਤਲੁਜ ਦਰਿਆ ’ਚ ਵੱਡੇ ਪੱਧਰ ’ਤੇ ਪਾਣੀ ਛੱਡੇ ਜਾਣ ਕਾਰਨ ਫਿਰੋਜ਼ਪੁਰ ’ਚ ਗੱਟੀ ਰਾਜੋਕੇ ਦੇ ਪੁਲ ਕੋਲ ਬੰਨ੍ਹ ਟੁੱਟ ਗਿਆ, ਜਿਸ ਨਾਲ 15 ਤੋਂ 20 ਪਿੰਡਾਂ ਦਾ ਆਪਸ ’ਚ ਸੰਪਰਕ ਟੁੱਟ ਗਿਆ। ਇਸ ਬੰਨ੍ਹ ਨੂੰ ਭਰਨ ਅਤੇ ਇੱਥੇ ਪੁਲ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ, ਫੌਜ ਅਤੇ ਬੀ. ਐੱਸ. ਐੱਫ. ਵੱਲੋਂ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਬੰਨ੍ਹ ਦੇ ਟੁੱਟਣ ਨਾਲ ਆਸਪਾਸ ਦੇ ਪਿੰਡਾਂ ’ਚ ਹੜ੍ਹ ਦਾ ਪਾਣੀ ਭਰ ਗਿਆ ਹੈ ਅਤੇ ਲੋਕ ਆਪਣੇ ਪਰਿਵਾਰਾਂ ਨਾਲ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾ ਰਹੇ ਹਨ।

ਓਧਰ, ਹੜ੍ਹ ਨਾਲ ਜ਼ੀਰੋ ਲਾਈਨ ’ਤੇ ਬੀ. ਐੱਸ. ਐੱਫ. ਵੱਲੋਂ ਲਾਈ ਗਈ ਫੈਂਸਿੰਗ ਅਤੇ ਬੀ. ਐੱਸ. ਐੱਫ. ਦੀਆਂ ਚੌਕੀਆਂ ਪਾਣੀ ’ਚ ਡੁੱਬ ਗਈਆਂ ਹਨ। ਇਸ ਕਾਰਨ ਬੀ. ਐੱਸ. ਐੱਫ. ਨੇ ਸਤਲੁਜ ਦਰਿਆ ’ਚ ਮੋਟਰ ਬੋਟ ’ਤੇ ਪੈਟਰੋਲਿੰਗ ਤੇਜ਼ ਕਰ ਦਿੱਤੀ ਹੈ। ਪੀ. ਡਬਲਿਊ. ਡੀ. ਬੀ. ਐਂਡ ਆਰ. ਦੇ ਐਕਸੀਅਨ ਇੰਜੀਨੀਅਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਬੰਨ੍ਹ ਨੂੰ ਭਰਨ ਦੇ ਨਾਲ-ਨਾਲ ਉਨ੍ਹਾਂ ਵੱਲੋਂ ਬੀ. ਐੱਸ. ਐੱਫ. ਅਤੇ ਫੌਜ ਦੀ ਮਦਦ ਨਾਲ ਸਟੀਲ ਦਾ ਪੁਲ ਬਣਾਇਆ ਜਾ ਰਿਹਾ ਹੈ। ਉੱਥੇ ਹੀ, ਪਾਕਿਸਤਾਨ ਵੱਲੋਂ ਦਰਿਆ ਦਾ ਸਾਰਾ ਪਾਣੀ ਵਾਪਸ ਸਤਲੁਜ ਦਰਿਆ ’ਚ ਭੇਜਿਆ ਜਾ ਰਿਹਾ ਹੈ, ਜਿਸ ਕਾਰਨ ਪਾਣੀ ਲੋਕਾਂ ਦੇ ਘਰਾਂ ’ਚ ਦਾਖ਼ਲ ਹੋ ਗਿਆ ਹੈ। ਐਕਸੀਅਨ ਡ੍ਰੇਨੇਜ ਹਿਤੇਸ਼ ਉਪਵੇਜਾ ਨੇ ਦੱਸਿਆ ਕਿ ਇਸ ਸਮੇਂ ਹੁਸੈਨੀਵਾਲਾ ਦਰਿਆ ’ਚ ਪਾਣੀ ਦਾ ਪੱਧਰ 2 ਲੱਖ 84 ਹਜ਼ਾਰ ਕਿਊਸਿਕ ਦੇ ਲਗਭਗ ਹੈ।

Leave a Reply

Your email address will not be published. Required fields are marked *