ਨੈਸ਼ਨਲ ਡੈਸਕ- ਆਪਰੇਸ਼ਨ ਸਿੰਦੂਰ ਤਹਿਤ ਭਾਰਤ ਦੀ ਕਾਰਵਾਈ ਮਗਰੋਂ ਪਾਕਿਸਤਾਨ ਬੌਖਲਾਇਆ ਹੋਇਆ ਹੈ ਤੇ ਲਗਾਤਾਰ ਭਾਰਤੀ ਸ਼ਹਿਰਾਂ ‘ਤੇ ਡਰੋਨ ਹਮਲੇ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਇਸੇ ਦੌਰਾਨ ਸ਼ਨੀਵਾਰ ਨੂੰ ਰਾਜਸਥਾਨ ਦੇ ਜੈਸਲਮੇਰ ‘ਚ ਪੈਂਦੇ ਪੋਖਰਣ ਤੋਂ ਇਕ ਵੱਡੀ ਮਿਜ਼ਾਈਲ ਬਰਾਮਦ ਹੋਈ ਹੈ, ਜਿਸ ਨੂੰ ਭਾਰਤੀ ਏਅਰ ਡਿਫੈਂਸ ਸਿਸਟਮ ਨੇ ਨਾਕਾਮ ਕਰ ਦਿੱਤਾ ਸੀ। ਇਸ ਤੋਂ ਇਲਾਵਾ ਇਲਾਕੇ ‘ਚ ਕਾਫ਼ੀ ਡਰੋਨ ਹਮਲੇ ਵੀ ਹੋਏ ਸਨ, ਜਿਸ ਮਗਰੋਂ ਪ੍ਰਸ਼ਾਸਨ ਨੇ ਜੈਸਲਮੇਰ ‘ਚ ਲਾਕਡਾਊਨ ਲਗਾਉਣ ਦਾ ਐਲਾਨ ਕਰ ਦਿੱਤਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਸਾਂਝੇ ਤੌਰ ‘ਤੇ ਇੱਕ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਪੂਰਾ ਜਨਤਕ ਸਹਿਯੋਗ ਮੰਗਿਆ ਗਿਆ ਹੈ। ਇਸ ਅਡਵਾਈਜ਼ਰੀ ਮੁਤਾਬਕ ਸਾਰੇ ਨਿਵਾਸੀਆਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਜੇਕਰ ਕੋਈ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਬਾਹਰ ਜਾਣ। ਇਸ ਤੋਂ ਇਲਾਵਾ ਅਗਲੇ ਹੁਕਮਾਂ ਤੱਕ ਇਕੱਠ ਕਰਨ ਜਾਂ ਕਿਸੇ ਵੀ ਜਨਤਕ ਸਮਾਗਮ ਦਾ ਆਯੋਜਨ ਕਰਨ ਦੀ ਵੀ ਸਖ਼ਤ ਮਨਾਹੀ ਹੈ। ਇਸ ਦੇ ਨਾਲ ਹੀ ਅਗਲੇ ਆਦੇਸ਼ਾਂ ਤੱਕ ਦੁਕਾਨਾਂ ਅਤੇ ਬਾਜ਼ਾਰ ਵੀ ਬੰਦ ਰਹਿਣਗੇ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਰਾਜਸਥਾਨ ਦੇ ਜੈਸਲਮੇਰ ਦੇ ਪੋਖਰਣ ਖੇਤਰ ਤੋਂ ਇੱਕ ਵੱਡਾ ਪ੍ਰੋਜੈਕਟਾਈਲ ਦਾ ਹਿੱਸਾ ਬਰਾਮਦ ਕੀਤਾ ਗਿਆ ਸੀ। ਹਾਲਾਂਕਿ ਇਸ ਨੂੰ ਫ਼ੌਜ ਵੱਲੋਂ ਹਵਾ ‘ਚ ਹੀ ਨਸ਼ਟ ਕਰ ਦਿੱਤਾ ਗਿਆ ਸੀ, ਪਰ ਇਸ ਦੇ ਕੁਝ ਟੁਕੜੇ ਜ਼ਮੀਨ ‘ਤੇ ਆ ਡਿੱਗੇ ਸਨ। ਇਸ ਤੋਂ ਇਲਾਵਾ ਆਪ੍ਰੇਸ਼ਨ ਸਿੰਦੂਰ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਣ ਕਾਰਨ ਬਾੜਮੇਰ ਨੂੰ ਹਾਈ ਰੈੱਡ ਅਲਰਟ ‘ਤੇ ਰੱਖਿਆ ਗਿਆ ਹੈ।