ਥਾਣਾ ਭੈਣੀ ਮੀਆਂ ਖਾਂ ਦੇ ਪਿੰਡ ਛਿੱਛਰਾਂ ਵਿੱਚ ਸਨਿਚਰਵਾਰ ਸਵੇਰੇ ਪੌਣੇ ਪੰਜ ਵਜੇ ਪੰਜ ਜ਼ੋਰਦਾਰ ਧਮਾਕੇ ਹੋਏ। ਇਨ੍ਹਾਂ ਧਮਾਕਿਆਂ ਨਾਲ ਖੇਤਾਂ ਵਿੱਚ 35 ਫੁੱਟ ਚੌੜਾ ਅਤੇ 10 ਫੁੱਟ ਡੂੰਘਾ ਟੋਆ ਪੈ ਗਿਆ। ਹੈਰਾਨੀਜਨਕ ਗੱਲ ਇਹ ਰਹੀ ਕਿ ਇਸ ਟੋਏ ਨੇੜੇ ਕਿਸੇ ਤਰ੍ਹਾਂ ਦੀ ਮਿਜ਼ਾਈਲ ਜਾਂ ਬੰਬਾਂ ਦੇ ਕੋਈ ਖ਼ੋਲ ਵੇਖਣ ਨੂੰ ਨਹੀਂ ਮਿਲੇ। ਇਸ ਤੋਂ ਇਲਾਵਾ ਨੇੜੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਅਤੇ ਟਰਾਂਸਫ਼ਾਰਮਰ ਨੂੰ ਵੀ ਨੁਕਸਾਨ ਪੁੱਜਿਆ। ਸੰਪੂਰਨ ਸਿੰਘ ਅਤੇ ਜਸਬੀਰ ਸਿੰਘ ਦੇ ਘਰਾਂ ਦੀਆਂ ਬਾਰੀਆਂ ਦੇ ਸ਼ੀਸ਼ੇ ਅਤੇ ਦਰਵਾਜ਼ੇ ਵੀ ਧਮਾਕਿਆਂ ਦੇ ਨਾਲ ਟੁੱਟ ਗਏ।
ਪਿੰਡ ਵਾਸੀ ਗੁਰਕਰਨ ਸਿੰਘ ਨੇ ਦੱਸਿਆ ਕਿ ਸਵੇਰੇ ਪੌਣੇ ਪੰਜ ਵਜੇ 4 ਤੋਂ 5 ਧਮਾਕੇ ਹੋਏ। ਪਹਿਲੇ ਧਮਾਕਿਆਂ ਨਾਲ ਤਾਂ ਕੁਝ ਨਹੀਂ ਹੋਇਆ ਪਰ ਪਿੱਛੋਂ ਹੋਏ 3 ਧਮਾਕਿਆਂ ਕਾਰਨ ਉਨ੍ਹਾਂ ਦੇ ਘਰ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਜਦੋਂ ਬੰਬ ਧਮਾਕੇ ਹੋਏ ਤਾਂ ਉਹ ਘਰ ਦੀ ਛੱਤ ’ਤੇ ਸਨ ਤਾਂ ਲਗਾਤਾਰ ਬੰਬ ਡਿੱਗਣੇ ਸ਼ੁਰੂ ਹੋ ਗਏ। ਪਹਿਲੇ ਧਮਾਕਿਆਂ ਦੀ ਇੰਨੀ ਆਵਾਜ਼ ਨਹੀਂ ਸੀ ਪਰ ਪਿੱਛੋਂ ਡਿੱਗੇ ਤਿੰਨ ਧਮਾਕਿਆਂ ਕਾਰਨ ਪਿੰਡ ਦੇ ਆਲ਼ੇ ਦੁਆਲੇ ਧੂੰਆਂ ਹੀ ਧੂੰਆਂ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਇੰਜ ਜਾਪਿਆ ਜਿਵੇਂ ਧਮਾਕੇ ਉਨ੍ਹਾਂ ਦੇ ਪਿੰਡ ਵਿੱਚ ਹੀ ਹੋਏ ਹਨ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਕੁਲਵੰਤ ਸਿੰਘ ਥਾਣਾ ਮੁਖੀ ਸਰਬਜੀਤ ਸਿੰਘ ਚਾਹਲ ਤੋਂ ਇਲਾਵਾ ਭਾਰਤੀ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਵੀ ਮੌਕੇ ਦਾ ਜਾਇਜ਼ਾ ਲਿਆ। ਹਾਲ ਦੀ ਘੜੀ ਇਨ੍ਹਾਂ ਥਾਵਾਂ ਉੱਤੇ ਇਲਾਕੇ ਦੇ ਲੋਕਾਂ ਦੀ ਭੀੜ ਲੱਗੀ ਰਹੀ ਅਤੇ ਪੁਲੀਸ ਜਾਂ ਹੋਰ ਫ਼ੌਜ ਦੇ ਅਧਿਕਾਰੀ ਕਿਸੇ ਵੀ ਤਰ੍ਹਾਂ ਦਾ ਖ਼ੁਲਾਸਾ ਕਰਨ ਤੋਂ ਇਨਕਾਰੀ ਹਨ।
ਗੁਰਦਾਸਪੁਰ: ਪਿੰਡ ਛਿੱਛਰਾਂ ਵਿੱਚ ਉਪਰੋਥੱਲੀ 5 ਬੰਬ ਧਮਾਕੇ, ਖੇਤਾਂ ਵਿੱਚ ਵੱਡਾ ਟੋਆ ਪਿਆ
