ਜਲੰਧਰ – ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਪਿੰਡ ਨੂਰਪੁਰ ਹਾਈਵੇਅ ’ਤੇ ਸੜਕ ਹਾਦਸੇ ’ਚ ਕਾਰ ਸਵਾਰ ਫ਼ੌਜ ਦੇ ਸੂਬੇਦਾਰ ਦੀ ਮੌਤ ਹੋ ਗਈ। ਇਸ ਹਾਦਸੇ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਸਬ-ਇੰਸ. ਕੁਲਬੀਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਇਸ ਸਬੰਧੀ ਸਬ-ਇੰਸ. ਕੁਲਬੀਰ ਸਿੰਘ ਨੇ ਦੱਸਿਆ ਕਿ 14-ਸਿੱਖਲਾਈ ਰੈਜ਼ੀਮੈਂਟ, ਪਠਾਨਕੋਟ ’ਚ ਸੂਬੇਦਾਰ ਦੇ ਅਹੁਦੇ ’ਤੇ ਤਾਇਨਾਤ ਪ੍ਰਗਟ ਸਿੰਘ (45) ਪੁੱਤਰ ਮੇਲਾ ਸਿੰਘ ਵਾਸੀ ਸਿਆੜ, ਥਾਣਾ ਮਲੋਡ, ਲੁਧਿਆਣਾ ਛੁੱਟੀ ਲੈ ਕੇ ਆਪਣੀ ਕਾਰ ਪੀ. ਬੀ. 13 ਏ. ਏ. 6584 ’ਤੇ ਆਪਣੇ ਘਰ ਜਾ ਰਿਹਾ ਸੀ ਤਾਂ ਜਿਵੇਂ ਹੀ ਉਹ ਪਿੰਡ ਨੂਰਪੁਰ ਦੇ ਹਾਈਵੇਅ ਨੇੜੇ ਸਥਿਤ ਮਹਿੰਦਰਾ ਏਜੰਸੀ ਸਾਹਮਣੇ ਪਹੁੰਚਿਆ ਤਾਂ ਸੜਕ ’ਤੇ ਖੜ੍ਹੇ ਟਿੱਪਰ ਦੇ ਪਿੱਛੇ ਟਕਰਾ ਗਿਆ, ਜਿਸ ਕਾਰਨ ਚਾਲਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਆਸ-ਪਾਸ ਦੇ ਲੋਕਾਂ ਵੱਲੋਂ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਨਜ਼ਦੀਕ ਸਥਿਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।