ਪੰਜਾਬ ‘ਚ ਹੜ੍ਹਾਂ ਦੇ ਹਾਲਾਤ ਬਾਰੇ CM ਮਾਨ ਨੇ ਦਿੱਤੀ ਜਾਣਕਾਰੀ, ਲੋਕਾਂ ਨੂੰ ਕੀਤੀ ਖ਼ਾਸ ਅਪੀਲ


ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਥੇ ਬਿਜਲੀ ਸਮਝੌਤਿਆਂ ਨੂੰ ਲੈ ਕੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਤਲੁਜ ਜਲ ਬਿਜਲੀ ਨਿਗਮ ਨਾਲ ਸੋਲਰ ਪਾਵਰ ਪਰਚੇਜ਼ ਐਗਰੀਮੈਂਟ ਕੀਤਾ ਗਿਆ ਹੈ। ਇਸ ਤਹਿਤ 2 ਰੁਪਏ 53 ਪੈਸੇ ਪ੍ਰਤੀ ਯੂਨਿਟ ਬਿਜਲੀ ਮਿਲੇਗੀ। ਉਨ੍ਹਾਂ ਕਿਹਾ ਕਿ ਅਸੀਂ ਸੋਲਰ ਪਾਵਰ ਦਾ ਵੱਡਾ ਸਮਝੌਤਾ ਕੀਤਾ ਹੈ। ਇਸ ਸਮਝੌਤੇ ਨਾਲ 431 ਕਰੋੜ ਰੁਪਏ ਦੀ ਬੱਚਤ ਹੋਵੇਗੀ ਅਤੇ ਪਾਵਰਕਾਮ ਨੂੰ ਹਰ ਸਾਲ 1700 ਕਰੋੜ ਰੁਪਏ ਦੀ ਬੱਚਤ ਹੋਵੇਗੀ। ਉਨ੍ਹਾਂ ਨੇ ਵਿਰੋਧੀਆਂ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ‘ਚ ਗੁਪਤ ਸਮਝੌਤੇ ਹੁੰਦੇ ਰਹੇ ਹਨ, ਜਿਨ੍ਹਾਂ ਦਾ ਖਾਮਿਆਜ਼ਾ ਅੱਜ ਵੀ ਭੁਗਤਣਾ ਪੈ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਨਹਿਰੀ ਪਾਣੀ ਦਾ ਇਸਤੇਮਾਲ ਜ਼ਿਆਦਾ ਹੋਣ ਲੱਗਾ ਹੈ, ਜਿਸ ਕਾਰਨ ਕਾਫ਼ੀ ਟਿਊਬਵੈੱਲ ਬੰਦ ਕਰਵਾਉਣ ‘ਚ ਸਫ਼ਲ ਰਹੇ ਹਾਂ। ਇਸ ਦੇ ਨਾਲ ਹੀ ਧਰਤੀ ‘ਚੋਂ ਪਾਣੀ ਬਚਾਉਣਾ ਸਾਡਾ ਫਰਜ਼ ਵੀ ਹੈ ਅਤੇ ਗਾਰੰਟੀ ਵੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇੰਡਸਟਰੀ ਨੂੰ ਵੀ ਸਸਤੀ ਬਿਜਲੀ ਦੇਣ ਵਾਸਤੇ ਕੰਮ ਕਰ ਰਹੇ ਹਾਂ।

ਹੜ੍ਹਾਂ ਦੇ ਹਾਲਾਤ ਬਾਰੇ ਦਿੱਤਾ ਬਿਆਨ
ਪੰਜਾਬ ‘ਚ ਹੜ੍ਹਾਂ ਦੇ ਹਾਲਾਤ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਮੀਂਹ ਨਹੀਂ ਪਿਆ ਪਰ ਪਹਾੜੀ ਇਲਾਕਿਆਂ ‘ਚ ਭਾਰੀ ਬਾਰਸ਼ ਕਾਰਨ ਸਾਡੇ ਵੱਲ ਪਾਣੀ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1680 ਫੁੱਟ ਪੁੱਜਣ ਨੂੰ ਖ਼ਤਰੇ ਦਾ ਨਿਸ਼ਾਨ ਮੰਨਿਆ ਜਾਂਦਾ ਹੈ ਪਰ ਇਹ 1676 ਫੁੱਟ ‘ਤੇ ਹੈ। ਇਸ ‘ਚੋਂ 80 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਇਹ ਪੂਰੀ ਤਰ੍ਹਾਂ ਕੰਟਰੋਲ ‘ਚ ਹੈ, ਡਰਨ ਵਾਲੀ ਕੋਈ ਗੱਲ ਨਹੀਂ ਹੈ।

ਇਸ ਤਰ੍ਹਾਂ ਪੌਂਗ ਡੈਮ ‘ਚ ਪਾਣੀ ਦਾ ਪੱਧਰ 1390 ਪੁੱਜਣ ‘ਤੇ ਖ਼ਤਰੇ ਦਾ ਨਿਸ਼ਾਨ ਮੰਨਿਆ ਜਾਂਦਾ ਹੈ, ਜੋ ਕਿ ਇਸ ਵੇਲ 1396 ਫੁੱਟ ‘ਤੇ ਚੱਲ ਰਿਹਾ ਹੈ ਪਰ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਇਹ ਪਾਣੀ ਦਾ ਪੱਧਰ 1405 ਫੁੱਟ ਤੱਕ ਵੀ ਚਲਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਤੱਕ ਇਸ ‘ਚੋਂ 1 ਲੱਖ, 17 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜੋ ਕਿ ਅੱਜ ਦੁਪਹਿਰ ਤੱਕ 1 ਲੱਖ ਕਿਊਸਿਕ ਤੱਕ ਆ ਜਾਵੇਗਾ। ਇਸੇ ਤਰ੍ਹਾਂ ਹਰੀਕੇ ‘ਚੋਂ ਵੀ ਪਾਣੀ ਛੱਡਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਵੀ ਘਬਰਾਉਣ ਦੀ ਲੋੜ ਨਹੀਂ ਹੈ, ਸਭ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਅਜਿਹੇ ਹਾਲਾਤ ‘ਚ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ‘ਚ ਨਾ ਆਉਣ।

Leave a Reply

Your email address will not be published. Required fields are marked *