ਤਲਵੰਡੀ ਕੂਕਾ ਵਿਖੇ ਭਾਰਤੀ ਫ਼ੌਜ ਤੇ NDRF ਨੇ ਸਾਂਭਿਆ ਮੋਰਚਾ, ਹੁਣ ਤੱਕ 40 ਲੋਕਾਂ ਦਾ ਕੀਤਾ ਰੈਸਕਿਊ


ਕਪੂਰਥਲਾ/ਭੁਲੱਥ – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਨ. ਡੀ. ਆਰ. ਐੱਫ਼. ਅਤੇ ਭਾਰਤੀ ਫ਼ੌਜ ਦੀਆਂ ਟੀਮਾਂ ਦੇ ਸਹਿਯੋਗ ਨਾਲ ਸਵੇਰ ਤੋਂ ਹੀ ਬਿਆਸ ਦਰਿਆ ਦੇ ਮੰਡ ਖੇਤਰ ਵਿਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ । ਟੀਮਾਂ ਵੱਲੋਂ ਸਵੇਰ 9 ਵਜੇ ਤੱਕ 40 ਤੋਂ ਵੱਧ ਲੋਕਾਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ, ਨੂੰ ਸੁਰੱਖਿਅਤ ਪਿੰਡ ਤਲਵੰਡੀ ਕੂਕਾ ਵਿਖੇ ਲਿਆਂਦਾ ਜਾ ਚੁੱਕਾ ਹੈ। ਭਾਰਤੀ ਫ਼ੌਜ ਅਤੇ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਵੱਲੋਂ 8 ਮੋਟਰ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਪਿੰਡ ਤਲਵੰਡੀ ਕੂਕਾ ਪਹੁੰਚਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ ਅਤੇ ਮੰਡ ਖੇਤਰ ਵਿਚੋਂ ਲੋਕਾਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਸਕੂਲ ਵਿਖੇ ਬਣਾਏ ਸਥਾਪਤ ਕੈਂਪ ਵਿਖੇ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਸ. ਡੀ. ਐੱਮ. ਭੁਲੱਥ ਸੰਜੀਵ ਸ਼ਰਮਾ ਲਗਾਤਰ ਮੌਕੇ ‘ਤੇ ਬਚਾਅ ਕਾਰਜਾਂ ਦੀ ਦੇਖਰੇਖ ਕਰ ਰਹੇ ਹਨ ਅਤੇ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਲਈ ਪ੍ਰਸ਼ਾਸਨਿਕ ਟੀਮਾਂ ਕਾਰਜਸ਼ੀਲ ਹਨ।

ਜ਼ਿਕਰਯੋਗ ਹੈ ਕਿ ਮੰਡ ਤਲਵੰਡੀ ਦੇ ਵਸਨੀਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਗੁਰਦੁਆਰਾ ਸਾਹਿਬ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਰੱਖਿਅਤ ਸਥਾਨ ‘ਤੇ ਲਿਆਂਦਾ ਜਾਵੇ ਜਿਸ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਰਾਹੀਂ ਮੰਡ ਤਲਵੰਡੀ ਵਿਖੇ ਸਥਾਪਤ ਗੁਰਦੁਆਰਾ ਸਾਹਿਬ, ਜਿਸ ਦੇ ਆਲੇ-ਦੁਆਲੇ ਪਾਣੀ ਇਕੱਠਾ ਹੋ ਚੁੱਕਾ ਹੈ, ‘ਚੋਂ ਪੂਰੇ ਅਦਬ-ਸਤਿਕਾਰ ਸਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਿੰਡ ਤਲਵੰਡੀ ਕੂਕਾ ਵਿਖੇ ਲਿਆ ਕੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰਵਾਇਆ ਗਿਆ।

Leave a Reply

Your email address will not be published. Required fields are marked *