ਜਲੰਧਰ, 4 ਮਾਰਚ
ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਆਦਮਪੁਰ ਸ਼ਹਿਰ ਵਿੱਚ 6.45 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ ਸੀਵਰੇਜ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ 14 ਕਿਲੋਮੀਟਰ ਲੰਬੀ ਸੀਵਰੇਜ ਲਾਈਨ ਨਾਲ ਸ਼ਹਿਰ ਦੇ ਲੋਕਾਂ ਦੀਆਂ ਸੀਵਰੇਜ ਸਬੰਧੀ ਵੱਡੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ ਅਤੇ ਲੋਕਾਂ ਨੂੰ ਰਾਹਤ ਮਿਲੇਗੀ। ਇਸ ਮੌਕੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਇਲਾਕੇ ਵਿੱਚ ਸੀਵਰੇਜ ਕਵਰੇਜ 60 ਤੋਂ ਵਧ ਕੇ 90 ਫੀਸਦੀ ਹੋ ਜਾਵੇਗੀ ਅਤੇ 2940 ਘਰਾਂ ਦੇ 14,000 ਤੋਂ ਵੱਧ ਲੋਕਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਸਰਕਾਰ ਵੱਲੋਂ ਲੋੜੀਂਦੇ ਫੰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਇਸ ਕੰਮ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਲਗਾਤਾਰ ਰੱਖੇ ਜਾ ਰਹੇ ਹਨ ਅਤੇ ਜੋ ਕੰਮ ਮੁਕੰਮਲ ਹੋ ਚੁੱਕੇ ਹਨ, ਉਨ੍ਹਾਂ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਸੁਸ਼ੀਲ ਰਿੰਕੂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਸਮੇਤ ਹਰ ਖੇਤਰ ਦਾ ਲਗਾਤਾਰ ਵਿਕਾਸ ਕਰ ਰਹੀ ਹੈ। ਲੋਕਾਂ ਨੂੰ ਘਰ ਬੈਠੇ ਹੀ ਸਰਕਾਰੀ ਸੇਵਾਵਾਂ ਦਾ ਲਾਭ ਪਹੁੰਚਾਉਣ ਲਈ ’ਆਪ ਦੀ ਸਰਕਾਰ, ਆਪ ਦੇ ਦੁਆਰ’ ਸਕੀਮ ਵੀ ਸ਼ੁਰੂ ਕੀਤੀ ਗਈ ਹੈ, ਜਿਸ ਦਾ ਸੂਬੇ ਭਰ ਦੇ ਵੱਡੀ ਗਿਣਤੀ ਲੋਕ ਲਾਭ ਉਠਾ ਰਹੇ ਹਨ। ਇਸ ਮੌਕੇ ਆਦਮਪੁਰ ਹਲਕਾ ਇੰਚਾਰਜ ਜੀਤ ਲਾਲ ਭੱਟੀ, ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼ ਐਸਈ ਗੁਰਵਿੰਦਰ ਪਾਲ ਸਿੰਘ, ਐਕਸੀਅਨ ਜਤਿਨ ਵਾਸੂਦੇਵ, ਜੇਈ ਕੁਲਜੀਤ ਬੈਂਸ, ਅਕਾਸ਼ਦੀਪ, ਕੌਂਸਲਰ ਸੁਰਿੰਦਰ ਕੁਮਾਰ, ਅਮਰੀਕ ਸਿੰਘ, ਵਿੱਕੀ ਬੱਦਨ ਤੇ ਬਿੰਦਾ ਗਰੇਵਾਲ ਵੀ ਮੌਜੂਦ ਸਨ।