Punjab News: ਜਥੇਦਾਰ ਗਿਆਨੀ ਗੜਗੱਜ ਦਾ ਸਿੱਖ ਕੌਮ ਦੇ ਨਾਂ ਸੰਦੇਸ਼, ਨੌਜਵਾਨਾਂ ਨੂੰ ਦਿੱਤੀ ਇਹ ਸੇਧ

ਅੰਮ੍ਰਿਤਸਰ, ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੰਗਲਵਾਰ ਨੂੰ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹੋਲੇ ਮਹੱਲੇ ਦੇ ਤਿਉਹਾਰ ਮੌਕੇ ਹੁੱਲੜਬਾਜ਼ੀ ਨਾ ਕੀਤੀ ਜਾਵੇ ਅਤੇ ਮੇਲੇ ਸਮੇਂ ਨਤਮਸਤਕ ਹੋਣ ਵਾਸਤੇ ਆਉਣ ਵਾਲੀ ਸਮੁੱਚੀ ਨੌਜਵਾਨ ਪੀੜ੍ਹੀ ਦਸਤਾਰਾਂ ਸਜਾ ਕੇ ਆਵੇ।

ਅੱਜ ਆਪਣਾ ਪਹਿਲਾ ਸੰਦੇਸ਼ ਜਾਰੀ ਕਰਦਿਆਂ ਉਨ੍ਹਾਂ ਵੀਡੀਓ ਸੁਨੇਹੇ ਰਾਹੀ ਸਿੱਖ ਕੌਮ ਨੂੰ ਕਿਹਾ ਕਿ ਸਿੱਖ ਕੌਮ ਕਈ ਕੌਮੀ ਤਿਉਹਾਰ ਮਨਾਉਂਦੀ ਹੈ ਅਤੇ ਇਨ੍ਹਾਂ ਵਿੱਚੋਂ ਹੀ ਇੱਕ ਹੋਲੇ ਮਹੱਲੇ ਦਾ ਤਿਉਹਾਰ ਹੈ। ਇਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨਤਮਸਤਕ ਹੋਣ ਪੁੱਜਦੀਆਂ ਹਨ।

ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਵਾਪਰੀਆਂ ਕੁਝ ਘਟਨਾਵਾਂ ਨੇ ਸਾਨੂੰ ਸਾਰਿਆਂ ਨੂੰ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਉਣ ਵਾਲਾ ਕੋਈ ਵੀ ਨੌਜਵਾਨ ਜਾਂ ਕੋਈ ਵੀ ਵਿਅਕਤੀ ਹੁੱਲੜਬਾਜ਼ੀ ਨਾ ਕਰੇ। ਇਸ ਨਾਲ ਅਜਿਹੇ ਕੌਮੀ ਤਿਉਹਾਰਾਂ ਦੀ ਮਾਣ-ਮਰਿਆਦਾ ਨੂੰ ਢਾਹ ਲੱਗਦੀ ਹੈ ਇਸ ਲਈ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਇਸ ਮੌਕੇ ਸਮੁੱਚਾ ਖਾਲਸਾ ਪੰਥ ਇਕੱਠਾ ਹੋ ਰਿਹਾ ਹੈ ਅਤੇ ਅਸੀਂ ਸਾਰੇ ਇਸੇ ਖਾਲਸਾ ਪਰਿਵਾਰ ਦਾ ਹਿੱਸਾ ਹਾਂ। ਇਸ ਲਈ ਖਾਲਸਾ ਪਰਿਵਾਰ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਉਣ ਵਾਲਾ ਹਰ ਇੱਕ ਨੌਜਵਾਨ ਭਾਵੇਂ ਉਸ ਨੇ ਕੇਸ ਨਹੀਂ ਰੱਖੇ ਹੋਏ ਹਨ, ਉਹ ਦਸਤਾਰ ਸਜਾ ਕੇ ਆਵੇ ਅਤੇ ਇਸ ਸਮਾਗਮ ਤੋਂ ਗੁਰਸਿੱਖੀ ਦੀ ਸੇਧ ਲੈ ਕੇ ਜਾਵੇ।

Leave a Reply

Your email address will not be published. Required fields are marked *