ਫਰੀਦਕੋਟ – ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖ਼ਾਸ ਸਾਥੀਆਂ ‘ਚ ਸ਼ਾਮਲ ਗੈਂਗਸਟਰ ਵਿਕਰਮ ਬਰਾੜ ਦਾ ਰਿਮਾਂਡ ਖ਼ਤਮ ਹੋਣ ‘ਤੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਵਿਕਰਮ ਬਰਾੜ ਨੂੰ ਦਿੱਲੀ ਸੈਪਸ਼ਲ ਸੈੱਲ ਵੱਲੋਂ ਦੁਬਈ ਤੋਂ ਡੀਪੋਰਟ ਕਰਵਾ ਕੇ ਭਾਰਤ ਲਿਆਂਦਾ ਗਿਆ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਕੋਟਕਪੂਰਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਵਿਕਰਮ ਬਰਾੜ ਫਰੀਦਕੋਟ ‘ਚ ਦਰਜ 4 ਮਾਮਲਿਆਂ ‘ਚ ਨਾਮਜ਼ਦ ਸੀ।
ਇਸ ‘ਚ ਮੁੱਖ ਤੌਰ ‘ਤੇ ਕੋਟਕਪੂਰਾ ਦੇ ਇੱਕ ਵਪਾਰੀ ਤੋਂ ਫਿਰੌਤੀ ਮੰਗਣ, ਇੱਕ ਡੇਰਾ ਪ੍ਰੇਮੀ ਦੇ ਕਤਲ ਦੀ ਸਾਜਿਸ਼ ਤਹਿਤ ਰੇਕੀ ਕਰਵਾਉਣ ਅਤੇ ਰੇਕੀ ਕਰਨ ਵਾਲਿਆਂ ਨੂੰ ਹਥਿਆਰ ਮੁਹੱਈਆ ਕਰਵਾਉਣ ਤੋਂ ਇਲਾਵਾ 2022 ‘ਚ ਸੈਸ਼ਨ ਹਾਊਸ ਦੀ ਬਾਹਰੀ ਕੰਧ ‘ਤੇ ਖ਼ਾਲਿਸਤਾਨ ਦੇ ਨਾਅਰੇ ਲਿਖਣ ਦੇ ਮਾਮਲੇ ‘ਚ ਉਸ ਨੂੰ ਨਾਮਜ਼ਦ ਕੀਤਾ ਗਿਆ ਸੀ। ਬਰਾੜ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਇਨ੍ਹਾਂ ਚਾਰਾਂ ਮਾਮਲਿਆਂ ‘ਚ ਵੱਖ-ਵੱਖ ਅਦਾਲਤਾਂ ‘ਚ ਪੇਸ਼ ਕਰ ਕੇ ਪੁਲਸ ਰਿਮਾਂਡ ‘ਤੇ ਲਿਆ ਗਿਆ ਸੀ। ਅੱਜ ਉਸ ਦਾ ਪੁਲਸ ਰਿਮਾਂਡ ਖ਼ਤਮ ਹੋਣ ‘ਤੇ ਦੁਬਾਰਾ ਉਸ ਨੂੰ ਫਰੀਦਕੋਟ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਉਸ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।