ਚੰਡੀਗੜ੍ਹ : ਪੰਜਾਬ ‘ਚ ਇਕ ਵਾਰ ਫਿਰ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਵੱਧਣ ਕਾਰਨ ਇਸ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਸਨ। ਇਸ ਤੋਂ ਬਾਅਦ ਸਤਲੁਜ ਦਰਿਆ ‘ਚ ਪਾਣੀ ਵੱਧ ਗਿਆ। ਇਸ ਪਾਣੀ ਕਾਰਨ ਹੁਣ ਮੁੜ ਪਿੰਡਾਂ ‘ਚ ਤਬਾਹੀ ਮਚਣ ਲੱਗੀ ਹੈ। ਨੰਗਲ ਦੇ ਬਹੁਤੇ ਪਿੰਡਾਂ ‘ਚ ਪਾਣੀ ਭਰ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਕਈ ਪਿੰਡ ਖ਼ਾਲੀ ਕਰਵਾਏ ਜਾ ਰਹੇ ਹਨ।
ਨੰਗਲ-ਸਤਲੁਜ ਦਰਿਆ ਨੇੜੇ ਬਣਿਆ ਸ਼ਿਵ ਮੰਦਰ ਵੀ ਪੂਰੀ ਤਰ੍ਹਾਂ ਪਾਣੀ ‘ਚ ਡੁੱਬ ਗਿਆ ਹੈ। ਪੰਜਾਬ ‘ਚ ਇਕ ਵਾਰ ਫਿਰ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸਤਲੁਜ ਕੰਢੇ ਰਹਿੰਦੇ ਲੋਕਾਂ ਦੀ ਚਿੰਤਾ ਇਕ ਵਾਰ ਫਿਰ ਵੱਧ ਗਈ ਹੈ। ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਇਹ ਰਾਹ ‘ਚ ਆਉਣ ਵਾਲੀ ਹਰ ਚੀਜ਼ ਨੂੰ ਰੋੜ੍ਹ ਕੇ ਲਿਜਾ ਰਿਹਾ ਹੈ।
ਦੱਸਣਯੋਗ ਹੈ ਕਿ ਭਾਖੜਾ ਡੈਮ ਦੇ ਫਲੱਡ ਗੇਟ ਸੋਮਵਾਰ ਨੂੰ 12 ਫੁੱਟ ਤੱਕ ਖੋਲ੍ਹ ਦਿੱਤੇ ਗਏ ਸਨ। ਐਤਵਾਰ ਨੂੰ ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1678 ਫੁੱਟ ਤੱਖ ਪਹੁੰਚ ਗਿਆ ਸੀ, ਜੋ ਸਮੋਵਾਰ ਨੂੰ ਫਲੱਡ ਗੇਟ ਖੋਲ੍ਹੇ ਜਾਣ ਤੋਂ ਬਾਅਦ 1 ਫੁੱਟ ਘੱਟ ਕੇ 1677 ਫੁੱਟ ਤੱਕ ਪਹੁੰਚ ਗਿਆ। ਅੱਧੀ ਰਾਤ ਨੂੰ ਫਲੱਡ ਗੇਟ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਸਨ। ਡੈਮ ਦੇ ਫਲੱਡ ਗੇਟ ਖੋਲ੍ਹਣ ਨਾਲ ਨਾਲ ਲੱਗਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਸੀ।