ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਵਰਕਿੰਗ ਕਮੇਟੀ ਨੇ ਸੋਮਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukbhir Singh Badal) ਦੇ ਅਸਤੀਫ਼ੇ ਸਬੰਧੀ ਫੈਸਲਾ ਪਾਰਟੀ ਦੇ ਜ਼ਿਲ੍ਹਾ ਜਥੇਦਾਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਪਾਰਟੀ ਦੇ ਹੋਰ ਵਿੰਗਾਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਤਕ ਟਾਲ ਦਿੱਤਾ ਹੈ।
ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂਦੰੜ ਨੇ ਦੱਸਿਆ ਕਿ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਗੰਭੀਰ ਮੰਥਨ ਕੀਤਾ ਗਿਆ ਜਿਸ ਵਿਚ ਪਾਰਟੀ ਦੇ ਜ਼ਿਆਦਾਤਰ ਮੈਂਬਰਾਂ ਨੇ ਇਹ ਸਲਾਹ ਦਿੱਤੀ ਕਿ ਪਾਰਟੀ ਦੇ ਜ਼ਿਲ੍ਹਾ ਜਥੇਦਾਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਹੋਰ ਆਗੂਆਂ ਨਾਲ ਵਿਚਾਰ ਚਰਚਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਲਦ ਹੀ ਜ਼ਿਲ੍ਹਾ ਜਥੇਦਾਰਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਬੁਲਾਈ ਜਾਵੇਗੀ।
ਭੂੰਦੜ ਨੇ ਇਹ ਵੀ ਕਿਹਾ ਕਿ ਮੀਟਿੰਗ ‘ਚ ਸਰਬਸੰਮਤੀ ਨਾਲ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਚੰਡੀਗੜ੍ਹ ਪੰਜਾਬ ਦੇ ਪਿੰਡ ਉਜਾੜ ਕੇ ਵਸਾਇਆ ਗਿਆ ਸੀ ਇਸ ਲਈ ਹਰਿਆਣਾ ਨੂੰ ਕਿਸੇ ਕੀਮਤ ‘ਤੇ ਜ਼ਮੀਨ ਨਹੀਂ ਦੇਣ ਦਿੱਤੀ ਜਾਵੇਗੀ। ਇਸੇ ਤਰ੍ਹਾਂ ਵਰਕਿੰਗ ਕਮੇਟੀ ਨੇ ਪੰਜਾਬ ਸਰਕਾਰ ਤੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਸੈਨਟ ਚੋਣਾਂ ਕਰਵਾਉਣ ਲਈ ਮਤਾ ਪਾਸ ਕਰਨ ਦੀ ਮੰਗ ਵੀ ਕੀਤੀ। ਇੱਥੇ ਦੱਸਿਆ ਜਾਂਦਾ ਹੈ ਕਿ ਵਰਕਿੰਗ ਕਮੇਟੀ ਮੀਟਿੰਗ ਹੋਣ ਤੋਂ ਪਹਿਲਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਆਪਣੇ ਸਾਥੀਆਂ ਨਾਲ ਮੀਟਿੰਗ ਵਿੱਚ ਇਹ ਹਗਾਮਾ ਕੀਤਾ ਸੀ ਕਿ ਉਹ ਕਿਸੇ ਕੀਮਤ ਤੇ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਨਾ ਕਰਨ ਕਿਉਂਕਿ ਹੇਠਲੇ ਪੱਧਰ ‘ਤੇ ਅਸਤੀਫੇ ਨੂੰ ਲੈ ਕੇ ਪਾਰਟੀ ਵਰਕਰਾਂ ‘ਚ ਭਾਰੀ ਨਰਾਜ਼ਗੀ ਪਾਈ ਜਾ ਰਹੀ।
ਇਸੀ ਤਰ੍ਹਾਂ ਡੇਰਾ ਬੱਸੀ ਦੇ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੇ ਵੀ ਅਸਤੀਫਾ ਮਨਜ਼ੂਰ ਕਰਨ ਤੇ ਪਾਰਟੀ ਦੀ ਮੁੰਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦੀ ਗੱਲ ਕਹੀ ਸੀ।
ਦੂਜੇ ਪਾਸੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਵਰਕਿੰਗ ਕਮੇਟੀ ਵੱਲੋਂ ਲਏ ਗਏ ਫੈਸਲੇ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਡਰਾਮਾ ਸਾਹਮਣੇ ਆਇਆ ਹੈ। ਸਭ ਕੁਝ ਲਿਖੀ ਸਕਰਿਪਟ ਮੁਤਾਬਕ ਤਰ੍ਹਾਂ ਚੱਲ ਰਿਹਾ ਹੈ। ਧਿਆਨ ਨਾਲ ਦੇਖੋ ਅਸਤੀਫੇ ਛਪੇ ਛਪਾਏ ਮੀਟਿੰਗ ਹਾਲ ਦੇ ਬਾਹਰ ਟੇਬਲ ‘ਤੇ ਦਿੱਤੇ ਜਾਂਦੇ ਸਨ ਤੇ ਦਫ਼ਤਰ ਦੇ ਮੁਲਾਜ਼ਮ ਹਰੇਕ ਬੰਦੇ ਦੀ ਹਾਜ਼ਰੀ ਲਾਉਣ ਸਮੇਂ ਦੇ ਦਿੰਦੇ ਸਨ ਤਾਂ ਕਿ ਅੰਦਰ ਅਸਤੀਫ਼ਾ ਰੱਦ ਕਰਾਉਣ ਲਈ ਦਬਾਅ ਬਣਾਇਆ ਜਾ ਸਕੇ। ਵੀਡਿਓ ਧਿਆਨ ਨਾਲ ਦੇਖੋ ਇਸ ਵਿੱਚ ਸਤਿੰਦਰਜੀਤ ਮੰਟਾ ਖਾਲੀ ਆਉਂਦਾ ਹੈ। ਹਾਜ਼ਰੀ ਲਾਉਣ ਤੋਂ ਬਾਅਦ ਛਪਿਆ ਪੇਪਰ ਹੱਥ ‘ਚ ਫੜਦਾ ਹੈ। ਉਸੇ ਤਰ੍ਹਾਂ ਬੰਟੀ ਰੋਮਾਣਾ, ਰੋਜੀ ਬਰਕੰਦੀ ਅਤੇ ਪਰਮਜੀਤ ਸਿੰਘ ਢਿੱਲੋਂ ਦੇ ਅਸਤੀਫੇ ਇੱਕੋ ਇਬਾਰਤ ਨਾਲ ਲਿਖੇ ਕੈਮਰੇ ‘ਚ ਕੈਦ ਹੋਏ।