ਫ਼ਰੀਦਕੋਟ – ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਕਰੀਬੀ ਗੈਂਗਸਟਰ ਵਿਕਰਮ ਬਰਾੜ ਜਿਸਨੂੰ ਦੁਬਈ ਤੋਂ ਡਿਪੋਰਟ ਕਰਵਾਉਣ ਦੀ ਸੂਰਤ ’ਚ ਭਾਰਤ ਲਿਆਂਦਾ ਗਿਆ ਹੈ, ਨੂੰ ਜ਼ਿਲ੍ਹਾ ਪੁਲਸ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਤੋਂ ਫ਼ਰੀਦਕੋਟ ਪ੍ਰੋਡੱਕਸ਼ਨ ਵਾਰੰਟਾਂ ’ਤੇ ਲਿਆ ਕੇ ਸਥਾਨਕ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਵਿਕਰਮ ਬਰਾੜ ’ਤੇ ਇਸ ਜ਼ਿਲ੍ਹੇ ਅੰਦਰ ਦੋ ਪੁਲਸ ਕੇਸ ਦਰਜ ਹਨ,, ਜਿੰਨ੍ਹਾਂ ’ਚੋਂ ਕੋਟਕਪੂਰਾ ਦੇ ਇੱਕ ਕੱਪੜਾ ਵਪਾਰੀ ਕੋਲੋਂ ਫਿਰੌਤੀ ਮੰਗਣ ਦਾ ਮਾਮਲਾ ਵੀ ਸ਼ਾਮਿਲ ਹੈ। ਡੀ. ਐੱਸ. ਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਦੋਸ਼ੀ ਵਿਰੁੱਧ 11 ਪੁਲਸ ਕੇਸ ਦਰਜ ਹਨ ਅਤੇ ਇਸਨੂੰ ਹਾਲ ਹੀ ’ਚ ਦੁਬਈ ਤੋਂ ਡਿਪੋਰਟ ਕਰਵਾਉਣ ਦੀ ਸੂਰਤ ’ਚ ਭਾਰਤ ਲਿਆਂਦਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਜ਼ਿਲ੍ਹੇ ’ਚ ਦਰਜ ਦੋ ਮਾਮਲਿਆਂ ਸਬੰਧੀ ਪੁੱਛ ਗਿੱਛ ਕਰਨ ਲਈ ਇਸ ਨੂੰ ਜ਼ਿਲ੍ਹਾ ਪੁਲਸ ਵੱਲੋਂ ਪ੍ਰੋਡੱਕਸ਼ਨ ਵਾਰੰਟ ਹਾਸਲ ਕਰਕੇ ਦਿੱਲੀ ਤੋਂ ਫ਼ਰੀਦਕੋਟ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ 6 ਦਿਨ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ ਗਈ ਸੀ ਜਿਸ’ਤੇ ਮਾਨਯੋਗ ਅਦਾਲਤ ਵੱਲੋਂ ਇਸਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਦਿੱਤੇ ਜਾਣ ਦੀ ਸੂਰਤ ’ਚ ਇਸ ਕੋਲੋਂ ਬਰੀਕੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ।