ਮੁਕੇਰੀਆਂ- ਸੰਯੁਕਤ ਕਿਸਾਨ ਮੋਰਚਾ ਦੇ ਗੈਰ ਰਾਜਨੀਤਕ ਨਾਲ ਜੁੜਿਆ ਦੁਆਬਾ ਜ਼ੋਨ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਮਾਤਾ ਰਾਣੀ ਚੌਂਕ ਮੁਕੇਰੀਆਂ ਵਿੱਚ ਹਾਈਵੇਅ ਜਾਮ ਕਰਕੇ ਸੂਬਾ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਹਾਈਵੇਅ ਜਾਮ ਕਰਕੇ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਕਿਸਾਨਾਂ ਨੇ ਖ਼ਰਾਬ ਫ਼ਸਲਾਂ ਦੇ ਮੁਆਵਜ਼ੇ, ਗੰਨਾ ਮਿੱਲਾਂ ਨੂੰ ਸਮੇਂ ਸਿਰ ਚਲਾਉਣ ਲਈ, ਗੰਨੇ ਦੇ ਰੇਟ ਵਿਚ ਇਜ਼ਾਫ਼ੇ ਅਤੇ ਹੋਰਨਾਂ ਮੰਗਾਂ ਦੇ ਪ੍ਰਤੀ ਸੂਬਾ ਸਰਕਾਰ ਦੀ ਟਾਲ-ਮਟੋਲ ਦੀ ਨੀਤੀ ਦਾ ਵਿਰੋਧ ਕੀਤਾ ਹੈ।
ਇਸ ਦੌਰਾਨ ਟਰੈਫਿਕ ਜਾਮ ਹੋਣ ਕਾਰਨ ਹਾਈਵੇਅ ‘ਤੇ ਲੰਬੀਆਂ ਕਤਾਰਾਂ ਵਿਚ ਫਸੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਚਾਈਨਾ ਵਾਇਰਸ ਨਾਲ ਖ਼ਰਾਬ ਹੋਈ ਝੋਨੇ ਦੀ ਫ਼ਸਲ ਦਾ 60 ਹਜ਼ਾਰ ਪ੍ਰਤੀ ਏਕੜ ਅਤੇ ਲੰਪੀ ਸਕਿਨ ਨਾਲ ਮਰੇ ਪਸ਼ੂਆਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਜਾਰੀ ਕਰਨ ਸਮੇਤ ਕਈ ਹੋਰ ਅਜਿਹੀਆਂ ਮੰਗਾਂ ਹਨ, ਸਰਕਾਰ ਅੱਗੇ ਰੱਖੀਆਂ ਗਈਆਂ ਹਨ ਪਰ ਉਨ੍ਹਾਂ ਵੱਲੋਂ ਪੂਰੀਆਂ ਨਹੀਂ ਕੀਤਾ ਜਾ ਰਹੀਆਂ।