ਸਪੋਰਟਸ ਡੈਸਕ-ਚੇਨਈ ਸੁਪਰ ਕਿੰਗਜ਼ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਰੋਮਾਂਚਕ ਫਾਈਨਲ ਵਿਚ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਆਈ. ਪੀ. ਐੱਲ. ਦਾ ਖਿਤਾਬ ਜਿੱਤਿਆ। ਚੇਨਈ ਨੂੰ ਆਖਰੀ 2 ਗੇਂਦਾਂ ’ਤੇ 10 ਦੌੜਾਂ ਦੀ ਲੋੜ ਸੀ। ਰਵਿੰਦਰ ਜਡੇਜਾ ਨੇ 5ਵੀਂ ਗੇਂਦ ’ਤੇ ਛੱਕਾ ਅਤੇ ਆਖਰੀ ਗੇਂਦ ’ਤੇ ਚੌਕਾ ਲਗਾ ਕੇ ਚੇਨਈ ਨੂੰ ਚੈਂਪੀਅਨ ਬਣਾਇਆ। ਇਸ ਦੇ ਨਾਲ ਹੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸਭ ਤੋਂ ਵੱਧ ਆਈ. ਪੀ. ਐੱਲ. ਖਿਤਾਬ ਜਿੱਤਣ ਦੇ ਮਾਮਲੇ ’ਚ ਰੋਹਿਤ ਦੀ ਬਰਾਬਰੀ ਕੀਤੀ।
ਰੋਹਿਤ ਨੇ ਆਪਣੀ ਕਪਤਾਨੀ ’ਚ 5 ਵਾਰ ਮੁੰਬਈ ਨੂੰ ਜੇਤੂ ਬਣਾਇਆ ਹੈ। ਹੁਣ ਧੋਨੀ ਵੀ ਚੇਨਈ ਨੂੰ 5 ਵਾਰ ਚੈਂਪੀਅਨ ਬਣਾ ਚੁੱਕੇ ਹਨ। ਚੇਨਈ ਨੇ ਇਸ ਤੋਂ ਪਹਿਲਾਂ 2010, 2011, 2018 ਅਤੇ 2021 ’ਚ ਖਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ ਬੀ ਸਾਈ ਸੁਦਰਸ਼ਨ ਦੀਆਂ 47 ਗੇਂਦਾਂ ਵਿਚ 96 ਦੌੜਾਂ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਨੇ 215 ਦੌੜਾਂ ਦਾ ਟੀਚਾ ਰੱਖਿਆ। ਪਹਿਲੀ ਪਾਰੀ 9:20 ਵਜੇ ਸਮਾਪਤ ਹੋਣ ਤੋਂ ਬਾਅਦ ਦੂਜੀ ਪਾਰੀ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਈ। ਕਲਾਕਾਰ ਵਿਵੀਅਨ ਡਿਵਾਈਨ ਨੇ ਇਸ ਦੌਰਾਨ 10 ਮਿੰਟ ਤੱਕ ਪ੍ਰਦਰਸ਼ਨ ਕੀਤਾ।
ਇਸ ਕਾਰਨ ਦੂਜੀ ਪਾਰੀ 9:55 ’ਤੇ 20 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਈ ਪਰ 3 ਗੇਂਦਾਂ ਬਾਅਦ ਹੀ ਮੀਂਹ ਆ ਗਿਆ। 15 ਮਿੰਟ ਹੀ ਮੀਂਹ ਪਿਆ ਪਰ ਮੈਦਾਨ ਗਿੱਲਾ ਹੋਣ ਕਾਰਨ ਦੂਜੀ ਪਾਰੀ 12:10 ਵਜੇ ਸ਼ੁਰੂ ਹੋਈ। ਮੀਂਹ ਕਾਰਨ 2 ਘੰਟੇ ਤੱਕ ਖੇਡ ਨੂੰ ਰੋਕ ਦਿੱਤਾ ਗਿਆ, ਜਿਸ ਕਾਰਨ ਚੇਨਈ ਨੂੰ 15 ਓਵਰਾਂ ਵਿਚ 171 ਦੌੜਾਂ ਦਾ ਟੀਚਾ ਮਿਲਿਆ। ਰੁਤੂਰਾਜ ਗਾਇਕਵਾੜ 26 ਅਤੇ ਡੇਵੋਨ ਕਾਨਵੇ 47 ਦੌੜਾਂ ਬਣਾ ਕੇ ਆਊਟ ਹੋ ਗਏ। ਦੋਵਾਂ ਨੂੰ ਨੂਰ ਅਹਿਮਦ ਨੇ ਕੈਚ ਆਊਟ ਕਰਵਾੲਆ। ਦੋਵਾਂ ਨੇ ਪਹਿਲੀ ਵਿਕਟ ਲਈ 6.3 ਓਵਰਾਂ ਵਿਚ 74 ਦੌੜਾਂ ਦੀ ਸਾਂਝੇਦਾਰੀ ਕੀਤੀ। ਅਜਿੰਕਿਆ ਰਹਾਨੇ ਨੂੰ ਮੋਹਿਤ ਸ਼ਰਮਾ ਨੇ 13 ਗੇਂਦਾਂ ’ਤੇ 27 ਦੌੜਾਂ ਬਣਾ ਕੇ ਆਊਟ ਕੀਤਾ। ਨੂਰ ਅਹਿਮਦ ਨੇ 3 ਓਵਰਾਂ ’ਚ 17 ਦੌੜਾਂ ਦੇ ਕੇ 2, ਜਦਕਿ ਮੋਹਿਤ ਸ਼ਰਮਾ ਨੇ 3 ਓਵਰਾਂ ’ਚ 36 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ’ਤੇ 214 ਦੌੜਾਂ ਬਣਾਈਆਂ। ਦੂਜੇ ਹੀ ਓਵਰ ’ਚ ਗਿੱਲ ਨੇ ਤੁਸ਼ਾਰ ਦੇਸ਼ਪਾਂਡੇ ਦੀ ਗੇਂਦ ’ਤੇ ਲੈੱਗ ਸਾਈਡ ’ਤੇ ਸ਼ਾਟ ਖੇਡਿਆ ਪਰ ਸ਼ਾਟ ਫਾਈਨ ਲੈੱਗ ’ਤੇ ਖੜ੍ਹੇ ਦੀਪਕ ਚਾਹਰ ਨੇ ਕੈਚ ਛੱਡ ਦਿੱਤਾ। ਗਿੱਲ, ਹਾਲਾਂਕਿ ਮੁੰਬਈ ਇੰਡੀਅਨਜ਼ ਦੇ ਖਿਲਾਫ਼ ਦੂਜੇ ਕੁਆਲੀਫਾਇਰ ਵਿਚ ਕੀਤੇ ਪ੍ਰਦਰਸ਼ਨ ਨੂੰ ਦੁਹਰਾਅ ਨਹੀਂ ਸਕਿਆ। ਦੂਜੇ ਪਾਸੇ ਤੋਂ ਸਾਹਾ ਨੇ ਤੀਜੇ ਓਵਰ ’ਚ 16 ਦੌੜਾਂ ਬਣਾ ਕੇ ਚੇਨਈ ’ਤੇ ਦਬਾਅ ਬਣਾਇਆ। ਇਸ ਤੋਂ ਬਾਅਦ ਗਿੱਲ ਨੇ ਦੇਸ਼ਪਾਂਡੇ ਨੂੰ ਲਗਾਤਾਰ 3 ਚੌਕੇ ਜੜੇ, ਜਦਕਿ ਸਾਹਾ ਦਾ ਰਿਟਰਨ ਕੈਚ ਚਾਹਰ ਨੇ ਛੱਡਿਆ।
ਪਾਵਰ ਪਲੇਅ ਤੋਂ ਬਾਅਦ ਗੁਜਰਾਤ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 62 ਦੌੜਾਂ ਸੀ। 7ਵੇਂ ਓਵਰ ’ਚ ਮਹਿੰਦਰ ਸਿੰਘ ਧੋਨੀ ਨੇ ਸ਼ਾਨਦਾਰ ਸਟੰਪਿੰਗ ਦੀ ਮਿਸਾਲ ਪੇਸ਼ ਕਰਦੇ ਹੋਏ ਗਿੱਲ ਨੂੰ ਪੈਵੇਲੀਅਨ ਭੇਜਿਆ, ਜਦਕਿ ਗੇਂਦਬਾਜ਼ ਰਵਿੰਦਰ ਜਡੇਜਾ ਸੀ। ਗਿੱਲ ਨੇ ਇਸ ਸੀਜ਼ਨ ਵਿਚ 17 ਮੈਚਾਂ ’ਚ 59.33 ਦੀ ਔਸਤ ਅਤੇ 157.80 ਦੇ ਸਟ੍ਰਾਈਕ ਰੇਟ ਨਾਲ 890 ਦੌੜਾਂ ਬਣਾਈਆਂ, ਜੋ ਆਈ.ਪੀ.ਐੱਲ. ਦੇ ਇਤਿਹਾਸ ਵਿਚ ਕਿਸੇ ਬੱਲੇਬਾਜ਼ ਦਾ ਦੂਜਾ ਸਰਵੋਤਮ ਪ੍ਰਦਰਸ਼ਨ ਹੈ। ਸਾਹਾ ਨੇ ਇਸ ਆਈ. ਪੀ. ਐੱਲ. ’ਚ ਆਪਣਾ ਦੂਜਾ ਅਰਧ ਸੈਂਕੜਾ 13ਵੇਂ ਓਵਰ ਵਿਚ ਪੂਰਾ ਕੀਤਾ। ਉਸ ਦੇ ਅਤੇ ਸਾਈ ਸੁਦਰਸ਼ਨ ਵਿਚਕਾਰ 64 ਦੌੜਾਂ ਦੀ ਸਾਂਝੇਦਾਰੀ 14ਵੇਂ ਓਵਰ ਵਿਚ ਖ਼ਤਮ ਹੋਈ, ਜਦੋਂ ਚਾਹਰ ਨੇ ਉਸ ਨੂੰ ਧੋਨੀ ਦੇ ਹੱਥੋਂ ਕੈਚ ਕਰਵਾ ਦਿੱਤਾ। ਸਾਹਾ ਨੇ 39 ਗੇਂਦਾਂ ‘ਚ 5 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਗੁਜਰਾਤ ਲਈ ਇਸ ਸੀਜ਼ਨ ਦੇ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸੁਦਰਸ਼ਨ ਨੇ ਆਪਣਾ ਤੀਜਾ ਅਰਧ ਸੈਂਕੜਾ ਮਥੀਸ਼ਾ ਪਥਿਰਾਨਾ ਨੂੰ ਲਗਾਤਾਰ ਚੌਕੇ ਲਗਾ ਕੇ ਪੂਰਾ ਕੀਤਾ।