ਪੰਜਾਬ ਪੁਲਸ ਵੱਲੋਂ ਬੰਬੀਹਾ ਗੈਂਗ ਦੇ 10 ਸ਼ੂਟਰਾਂ ਦੀਆਂ ਤਸਵੀਰਾਂ ਜਾਰੀ, ਗ੍ਰਿਫ਼ਤਾਰੀ ਲਈ ਹੋ ਰਹੀ ਛਾਪੇਮਾਰੀ


ਜਲੰਧਰ/ਅੰਮ੍ਰਿਤਸਰ – ਹਾਲ ਹੀ ਵਿਚ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਦੇ ਕਸਬਾ ਸਠਿਆਲਾ ਵਿਖੇ ਹੋਏ ਕਾਲਜ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਕਤਲ ਕੇਸ ਨੂੰ ਲੈ ਕੇ ਪੰਜਾਬ ਪੁਲਸ ਨੇ ਬੰਬੀਹਾ ਗੈਂਗ ਦੇ 10 ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਦੀ ਜਾਣਕਾਰੀ ਡੀ. ਪੀ. ਪੀ. ਗੌਰਵ ਯਾਦਵ ਨੇ ਟਵਿੱਟਰ ਜ਼ਰੀਏ ਦਿੱਤੀ ਹੈ। ਟਵਿੱਟਰ ‘ਤੇ ਪੋਸਟ ਸ਼ੇਅਰ ਕਰਦੇ ਹੋਏ ਪੰਜਾਬ ਪੁਲਸ ਵੱਲੋਂ ਕਿਹਾ ਗਿਆ ਹੈ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇਸ ਪੂਰੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਹੈ। ਜਰਨੈਲ ਸਿੰਘ ਦੇ ਕਤਲ ਕੇਸ ਨੂੰ ਅੰਜਾਮ ਦੇਣ ਲਈ ਬੰਬੀਹਾ ਗੈਂਗ ਦੇ 10 ਮੁਲਜ਼ਮ/ਸ਼ੂਟਰਾਂ ਨੇ ਭੂਮਿਕਾ ਨਿਭਾਈ ਸੀ। ਉਥੇ ਹੀ ਪੁਲਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਜ਼ਿਕਰਯੋਗ ਹੈ ਕਿ ਬਾਬਾ ਬਕਾਲਾ ਸਾਹਿਬ ਦੇ ਕਸਬਾ ਸਠਿਆਲਾ ’ਚ 24 ਮਈ ਨੂੰ ਕਾਲਜ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਦਾ ਸ਼ੂਟਰਾਂ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਹਮਲਾਵਰਾਂ ਨੇ ਜਰਨੈਲ ਸਿੰਘ ਨੂੰ 20 ਤੋਂ 25 ਦੇ ਕਰੀਬ ਗੋਲ਼ੀਆਂ ਮਾਰੀਆਂ ਸਨ। ਗੋਲ਼ੀਆਂ ਲੱਗਣ ਕਾਰਨ ਜਰਨੈਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸਵਿੱਫਟ ਕਾਰ ’ਤੇ ਸਵਾਰ ਹੋ ਕੇ ਆਏ ਸਨ। ਜਰਨੈਲ ਸਿੰਘ ਵੇਟ ਲਿਫਟਰ ਵਜੋਂ ਵੀ ਜਾਣਿਆ ਜਾਂਦਾ ਸੀ। ਮੌਕੇ ’ਤੇ ਲੋਕਾਂ ਨੇ ਦੱਸਿਆ ਹੈ ਕਿ ਜਰਨੈਲ ਸਿੰਘ ਘੁੜੱਕੇ ’ਤੇ ਆਪਣੀ ਬਹਿਕ ਤੋਂ ਤੇਲ ਕਢਵਾਉਣ ਲਈ ਸਰ੍ਹੋਂ ਲੈ ਕੇ ਆ ਰਿਹਾ ਸੀ, ਇਸ ਦੌਰਾਨ ਜਦੋਂ ਉਹ ਚੱਕੀ ਅੰਦਰੋਂ ਬਾਹਰ ਨਿਕਲਿਆ ਤਾਂ ਚਾਰ ਹਮਲਾਵਰ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਉਨ੍ਹਾਂ ਨੇ ਉਸ ’ਤੇ ਲਗਾਤਾਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਵਿਚ ਜਰਨੈਲ ਸਿੰਘ ਦੀ ਮੌਕੇ ’ਤੇ ਹੋ ਗਈ ਸੀ।

ਬੰਬੀਹਾ ਗੈਂਗ ਨੇ ਲਈ ਸੀ ਜਰਨੈਲ ਦੇ ਕਤਲ ਦੀ ਜ਼ਿੰਮੇਵਾਰੀ
ਜਰਨੈਲ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਵੱਲੋਂ ਲਈ ਗਈ ਸੀ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਸਠਿਆਲਾ ਵਿਚ ਜੋ ਕਤਲ ਹੋਇਆ ਹੈ, ਉਹ ਗੋਪੀ ਮਹਿਲ ਅਤੇ ਡੋਨੀ ਨੇ ਕੀਤਾ ਹੈ। ਕੁਝ ਨਿਊਜ਼ ਚੈਨਲ ਵਾਲੇ ਇਹ ਵਿਖਾ ਰਹੇ ਹਨ ਕਿ ਇਸ ਜਰਨੈਲ ਦਾ ਸੰਬੰਧ ਸਾਡੇ ਭਰਾ ਗੋਪੀ ਘਨਸ਼ਾਮਪੁਰੀਆ ਗੈਂਗ ਦੇ ਨਾਲ ਸੀ, ਜੋਕਿ ਗਲਤ ਹੈ। ਇਸ ਦਾ ਸਾਡੀ ਗੈਂਗ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਸ ਦਾ ਸੰਬੰਧ ਸਾਡੇ ਵਿਰੋਧੀਆਂ ਨਾਲ ਸੰਬੰਧਤ ਹੈ। ਇਹ ਬੰਦਾ ਸਾਡੇ ਐਂਟੀ ਗਰੁੱਪ ਜੱਗੂ ਖੋਟੀ ਅਤੇ ਹੈਰੀ ਚੱਠਾ ਨਾਲ ਲਿੰਕ ਰੱਖਦਾ ਸੀ ।

Leave a Reply

Your email address will not be published. Required fields are marked *