ਸਮਰਾਲਾ- ਪੰਜਾਬ ‘ਚ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਬੀਜ ਦੀ ਘਾਟ ਪੈਦਾ ਹੋਣ ਨਾਲ ਮੁਨਾਫਾਖ਼ੋਰਾਂ ਵੱਲੋਂ ਕਿਸਾਨਾਂ ਨੂੰ ਐੱਮ. ਆਰ. ਪੀ. ਤੋਂ ਵੀ ਡਬਲ ਰੇਟ ’ਤੇ ਧੱੜਲੇ ਨਾਲ ਬੀਜ ਵੇਚ ਕੇ ਅੰਨੀ ਲੁੱਟ ਸ਼ੁਰੂ ਕਰ ਦਿੱਤੀ ਗਈ ਹੈ। ਕਿਸਾਨ ਦੁੱਗਣੇ ਭਾਅ ’ਤੇ ਬਾਜ਼ਾਰਾਂ ਵਿਚੋਂ ਇਹ ਬੀਜ ਖਰੀਦਣ ਲਈ ਮਜ਼ਬੂਰ ਹਨ ਪਰ ਖੇਤੀਬਾੜੀ ਵਿਭਾਗ ਅਤੇ ਪ੍ਰਸਾਸ਼ਨ ਸ਼ਿਕਾਇਤ ਤੋਂ ਬਾਅਦ ਵੀ ਕਾਰਵਾਈ ਲਈ ਢਿੱਲ-ਮੱਠ ਵਿਖਾ ਰਿਹਾ ਹੈ, ਜਿਸ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਬਲੈਕ ਮਾਰਕੀਟ ਕਰਨ ਵਾਲੇ ਬੀਜ ਵਿਕਰੇਤਾਵਾਂ ਖ਼ਿਲਾਫ਼ ਖ਼ੁਦ ਹੀ ਐਕਸ਼ਨ ਲੈਣ ਦਾ ਐਲਾਨ ਕਰਦੇ ਹੋਏ ਪ੍ਰਸਾਸ਼ਨ ਨੂੰ ਵੀ ਤਾੜਨਾ ਕੀਤੀ ਹੈ ਕਿ ਕਿਸਾਨਾਂ ਦੀ ਲੁੱਟ ਕਰਵਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਮੋਰਚਾ ਖੋਲ੍ਹਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਜੱਥੇਬੰਦੀ ਵੱਲੋਂ ਸਮਰਾਲਾ ਦੇ ਇੱਕ ਦੁਕਾਨਦਾਰ ਵੱਲੋਂ ਪਿੰਡ ਲੱਖਣਪੁਰ ਦੇ ਕਿਸਾਨ ਨੂੰ 1600 ਰੁਪਏ ਐੱਮ. ਆਰ. ਪੀ. ਵਾਲੇ ਬੀਜ ਦੀ ਇੱਕ ਥੈਲੀ 3000 ਰੁਪਏ ਵਿਚ ਵੇਚਣ ਦਾ ਮਾਮਲਾ ਉਜਾਗਰ ਕਰਦੇ ਹੋਏ ਕਾਰਵਾਈ ਲਈ ਮੌਕੇ ’ਤੇ ਸਥਾਨਕ ਖੇਤੀਬਾੜੀ ਅਧਿਕਾਰੀ ਸੱਦਿਆ ਗਿਆ ਅਤੇ ਉਸ ਤੋਂ ਬਾਅਦ ਲਿਖ਼ਤੀ ਸ਼ਿਕਾਇਤ ਐੱਸ. ਡੀ. ਐੱਮ. ਸਮਰਾਲਾ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਭੇਜੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਸਾਨ ਜੱਥੇਬੰਦੀ ਦੇ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਉੱਤਮ ਸਿੰਘ ਬਰਵਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ‘ਚ ਇਹ ਮਸਲਾ ਆਇਆ ਸੀ ਕਿ ਸਮਰਾਲਾ ਦੇ ਇੱਕ ਬੀਜ ਵਿਕਰੇਤਾਂ ਵੱਲੋਂ ਕਿਸਾਨਾਂ ਦੀ ਦੁੱਗਣੇ ਰੇਟਾ ਉੱਪਰ ਬੀਜ ਵੇਚ ਕੇ ਲੁੱਟ ਕੀਤੀ ਜਾ ਰਹੀ ਹੈ। ਇਸ ਲਈ ਉਨ੍ਹਾਂ ਵੱਲੋ ਇਹ ਹੋ ਰਹੀ ਲੁੱਟ ਦੀ ਤਹਿ ਤੱਕ ਜਾਣ ਲਈ ਜੱਥੇਬੰਦੀ ਨਾਲ ਜੁੜੇ ਪਿੰਡ ਲਖਣਪੁਰ ਦੇ ਕਿਸਾਨ ਲਖਵੀਰ ਸਿੰਘ ਨੂੰ ਉਕਤ ਸੀਡ ਸਟੋਰ ਸਮਰਾਲਾ ਵਿਖੇ ਭੇਜ ਕੇ ਝੋਨੇ ਦਾ ਬੀਜ 7501 ਖਰੀਦਿਆ ਗਿਆ। ਜਿਸ ਦੀ ਕੀਮਤ ਅਦਾ ਕਰਨ ਦੀ ਰਸੀਦ ਕਿਸਾਨ ਕੋਲ ਮੌਜੂਦ ਹੈ ਅਤੇ ਕਿਸਾਨਾਂ ਦੀ ਦੁਕਾਨਦਾਰ ਵੱਲੋਂ ਅੰਨ੍ਹੇਵਾਹ ਕੀਤੀ ਜਾ ਰਹੀ ਲੁੱਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਜਿਸ ਬੀਜ ਦੀ ਕੀਮਤ ਪੈਕਟ ਉੱਪਰ 1600 ਰੁਪਏ ਹੈ, ਉਸ ਨੂੰ ਉਕਤ ਦੁਕਾਨਦਾਰ ਵੱਲੋਂ 3000 ਰੁਪਏ ਤੋਂ ਉੱਪਰ ਵੇਚਿਆ ਜਾ ਰਿਹਾ ਸੀ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਦੁਕਾਨ ਖੇਤੀਬਾੜੀ ਦਫ਼ਤਰ ਸਮਰਾਲਾ ਤੋਂ ਕੁੱਝ ਦੂਰੀ ਉੱਪਰ ਹੀ ਸਥਿਤ ਹੈ।
ਸੁਪਿੰਦਰ ਸਿੰਘ ਬੱਗਾ ਨੇ ਗੱਲਬਾਤ ਕਰਦਿਆ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧ ਵਿੱਚ ਐੱਸ. ਡੀ. ਐੱਮ. ਸਮਰਾਲਾ ਅਤੇ ਮੁੱਖ ਖੇਤੀਬਾੜੀ ਅਫ਼ਸਰ ਸਮਰਾਲਾ ਨੂੰ ਮਿਲ ਕੇ ਇਸ ਸਬੰਧੀ ਕਾਰਵਾਈ ਕਰਨ ਲਈ ਦਰਖ਼ਾਸਤ ਦੇ ਦਿੱਤੀ ਗਈ ਹੈ ਅਤੇ ਜੇਕਰ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਕਰਨ ਵਿਚ ਕੋਈ ਕੁਤਾਹੀ ਵਰਤੀ ਗਈ ਤਾਂ ਉਨ੍ਹਾਂ ਨੂੰ ਸੰਘਰਸ ਵਿੱਢਣ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਉਨ੍ਹਾਂ ਨਾਲ ਮਲਕੀਤ ਸਿੰਘ ਘੁਲਾਲ, ਰਵਿੰਦਰ ਸਿੰਘ ਬਰਵਾਲੀ, ਮਨਜੀਤ ਸਿੰਘ, ਨਵਤੇਜ ਸਿੰਘ, ਬਹਾਦਰ ਸਿੰਘ ਲਖਨਪੁਰ, ਕੁਲਵੰਤ ਸਿੰਘ, ਲਖਵੀਰ ਸਿੰਘ, ਮਾਨ ਸਿੰਘ,ਅਵਤਾਰ ਸਿੰਘ ਆਦਿ ਕਿਸਾਨ ਹਾਜ਼ਰ ਸਨ।