ਪਟਿਆਲਾ – ਸ਼ਾਹੀ ਸ਼ਹਿਰ ਪਟਿਆਲਾ ਦੇ ਰਤਨ ਨਗਰ ਦੀ ਵਸਨੀਕ ਮਨਪ੍ਰੀਤ ਕੌਰ ਅਤੇ ਉਸ ਦੀ ਧੀ ਇਸ਼ਪ੍ਰੀਤ ਕੌਰ ਦੋਵਾਂ ਨੇ ਚੰਗੇ ਨੰਬਰਾਂ ’ਚ ਇਕੱਠੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ। ਮਾਂ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ 26 ਸਾਲਾਂ ਬਾਅਦ ਮੁੜ ਤੋਂ ਪੜ੍ਹਾਈ ਸ਼ੁਰੂ ਕਰ ਕੇ ਆਪਣੀ ਧੀ ਨਾਲ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ 2011 ’ਚ ਅਕਾਲ ਚਲਾਣਾ ਕਰ ਗਏ ਸਨ ਅਤੇ ਉਸ ਤੋਂ ਬਾਅਦ ਉਸ ਨੇ ਆਪਣੇ ਬੱਚਿਆਂ ਨੂੰ ਖ਼ੁਦ ਮਿਹਨਤ ਕਰ ਕੇ ਪੜ੍ਹਾਇਆ ਤੇ ਜਦੋਂ ਉਹ ਸਰਕਾਰੀ ਨੌਕਰੀ ਮੰਗਣ ਲਈ ਗਈ ਤਾਂ ਉਸ ਨੂੰ ਉੱਚ-ਸਿੱਖਿਆ ਪ੍ਰਾਪਤ ਕਰਨ ਲਈ ਕਿਹਾ ਗਿਆ। ਜਿਸ ‘ਤੇ ਉਸ ਨੇ ਆਪਣੀ ਧੀ ਇਸ਼ਪ੍ਰੀਤ ਕੌਰ ਦੇ ਨਾਲ ਮਿਲ ਕੇ 12ਵੀਂ ਦੀ ਪ੍ਰੀਖਿਆ ਪਾਸ ਕਰਨ ਦਾ ਮਨ ਬਣਾਇਆ।
ਮਨਪ੍ਰੀਤ ਕੌਰ ਨੇ ਕਿਹਾ ਕਿ ਹਾਲਾਂਕਿ ਪਰਿਵਾਰ ਪਾਲਣ ਅਤੇ ਕੰਮ ਕਰਨ ਦੇ ਨਾਲ-ਨਾਲ ਪੜ੍ਹਾਈ ਕਰਨਾ ਥੋੜਾ ਮੁਸ਼ਕਲ ਸੀ ਪਰ ਉਨ੍ਹਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਬੱਚਿਆਂ ਨੇ ਉਸ ਨੂੰ ਪੜ੍ਹਣ ਲਈ ਹੌਂਸਲਾ ਦਿੱਤਾ ਤੇ ਅੱਜ ਉਸ ਨੇ 72 ਫ਼ੀਸਦੀ ਨੰਬਰਾਂ ਨਾਲ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ਦੂਜੇ ਪਾਸੇ ਬੱਚੀ ਇਸ਼ਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨ ਤੋਂ ਨਾਨ-ਮੈਡੀਕਲ ਸਟ੍ਰੀਮ ’ਚ 94 ਫ਼ੀਸਦੀ ਨੰਬਰਾਂ ਨਾਲ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਇਹ ਪੁੱਛੇ ਜਾਣ ’ਤੇ ਕਿ ਇਸ ਨੂੰ ਕਦੇ ਦਿੱਕਤ ਤਾਂ ਨਹੀਂ ਆਈ ਤਾਂ ਇਸ਼ਪ੍ਰੀਤ ਕੌਰ ਨੇ ਦੱਸਿਆ ਕਿ ਦਿੱਕਤ ਨਹੀਂ ਸਗੋਂ ਆਪਣੀ ਮਾਂ ਨਾਲ ਮਿਲ ਕੇ ਪੜ੍ਹਣ ਨਾਲ ਉਸ ਨੂੰ ਮਦਦ ਮਿਲੀ ਤੇ ਅੱਗੇ ਵਧਣ ਦੀ ਪ੍ਰੇਰਣਾ ਵੀ ਮਿਲੀ। ਦੋਵੇਂ ਮਾਂ-ਧੀ ਨੂੰ ਸਿਵਲ ਲਾਈਨ ਸਕੂਲ ਵੱਲੋਂ ਇਸ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕੀਤਾ ਗਿਆ।