ਨਵੀਂ ਦਿੱਲੀ-ਕਾਂਗਰਸ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਇਸ ਗੱਲ ਦਾ ਕੋਈ ਦਸਤਾਵੇਜ਼ੀ ਸਬੂਤ ਨਹੀਂ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਲਾਰਡ ਮਾਊਂਟਬੈਟਨ, ਸੀ. ਰਾਜਗੋਪਾਲਾਚਾਰੀ ਅਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਸੇਂਗੋਲ (ਰਾਜਦੰਡ) ਨੂੰ ਬ੍ਰਿਟਿਸ਼ ਹੁਕੂਮਤ ਵੱਲੋਂ ਭਾਰਤ ਨੂੰ ਸੱਤਾ ਦੇ ਤਬਾਦਲੇ ਦਾ ਪ੍ਰਤੀਕ ਦੱਸਿਆ ਹੋਵੇ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਵਾਹ-ਵਾਹ ਕਰਨ ਵਾਲੇ ਲੋਕ ਇਸ ਰਸਮੀ (ਰਾਜਦੰਡ) ਨੂੰ ਤਾਮਿਲਨਾਡੂ ’ਚ ਸਿਆਸੀ ਮਕਸਦ ਲਈ ਵਰਤੋਂ ਕਰ ਰਹੇ ਹਨ। ਭਾਜਪਾ ਨੇ ਵੀਰਵਾਰ ਨੂੰ ਦੋਸ਼ ਲਗਾਇਆ ਸੀ ਕਿ ਕਾਂਗਰਸ ਨੇ ਪਵਿੱਤਰ ‘ਰਾਜਦੰਡ’ ਨੂੰ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਤੋਹਫੇ ’ਚ ਦਿੱਤੀ ਗਈ ‘ਸੋਨੇ ਦੀ ਛੜੀ’ ਕਹਿ ਕੇ ਉਸ ਨੂੰ ਅਜਾਇਬ ਘਰ ’ਚ ਰੱਖ ਦਿੱਤਾ ਅਤੇ ਹਿੰਦੂ ਪਰੰਪਰਾਵਾਂ ਦੀ ਉਲੰਘਣਾ ਕੀਤੀ।
ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ’ਤੇ ਸੇਂਗੋਲ ਦੀ ਮਹੱਤਤਾ ਨੂੰ ਘੱਟ ਕਰਨ ਦਾ ਦੋਸ਼ ਲਗਾਇਆ ਅਤੇ ਸਵਾਲ ਕੀਤਾ ਕਿ ਉਨ੍ਹਾਂ ਨੂੰ ਭਾਰਤ ਸੰਸਕ੍ਰਿਤੀ ਤੋਂ ਇੰਨੀ ਨਫਰਤ ਕਿਉਂ ਹੈ? ਸ਼ਾਹ ਨੇ ਕਿਹਾ ਕਿ ਕਾਂਗਰਸ ਨੂੰ ਆਪਣੇ ਵਿਵਹਾਰ ’ਤੇ ਚਿੰਤਨ ਕਰਨ ਦੀ ਲੋੜ ਹੈ। ਉਨ੍ਹਾਂ ਨੇ ਪਾਰਟੀ ਦੇ ਇਸ ਦਾਅਵੇ ਦੀ ਨਿਖੇਧੀ ਕੀਤੀ ਕਿ ‘ਰਾਜਦੰਡ’ ਦੇ 1947 ’ਚ ਬ੍ਰਿਟੇਨ ਵੱਲੋਂ ਭਾਰਤ ਨੂੰ ਸੱਤਾ ਸੌਂਪੇ ਜਾਣ ਦਾ ਪ੍ਰਤੀਕ ਹੋਣ ਦਾ ਕੋਈ ਉਦਾਹਰਣ ਨਹੀਂ ਹੈ।