ਸਮਰਾਲਾ – ਇੱਥੇ ਸਰਹਿੰਦ ਨਹਿਰ ਦੇ ਗੜੀ ਪੁਲ ਨੇੜੇ ਅੱਜ ਸਵੇਰੇ ਰਾਏਕੋਟ ਤੋਂ ਸ੍ਰੀ ਅਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ਹਾਦਸੇ ਦਾ ਸ਼ਿਕਾਰ ਹੋ ਗਈ। ਸੰਗਤਾਂ ਨਾਲ ਭਰੀ ਬੈਲੋਰੋ ਗੱਡੀ ਦੀ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਟਾਟਾ ਸਫ਼ਾਰੀ ਗੱਡੀ ਨਾਲ ਟੱਕਰ ਹੋ ਗਈ। ਇਸ ਹਾਦਸੇ ਦੌਰਾਨ 20 ਤੋਂ ਵੱਧ ਸ਼ਰਧਾਲੂ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ ਅਤੇ ਮੌਕੇ ‘ਤੇ ਚੀਕ-ਚਿਹਾੜਾ ਪੈ ਗਿਆ। ਬਲੈਰੋ ਗੱਡੀ ‘ਚ 25 ਦੇ ਕਰੀਬ ਸ਼ਰਧਾਲੂ ਸਵਾਰ ਸਨ। ਸਾਰੇ ਜ਼ਖਮੀਆਂ ਨੂੰ ਇਲਾਕੇ ਦੇ ਲੋਕਾਂ ਦੀ ਮੱਦਦ ਨਾਲ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਇੱਥੇ ਸਾਰੇ ਹੀ ਜ਼ਖਮੀ ਸ਼ਰਧਾਲੂਆਂ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਜ਼ਖਮੀ ਹੋਏ ਸਾਰੇ ਹੀ ਸ਼ਰਧਾਲੂ ਰਾਏਕੋਟ (ਲੁਧਿਆਣਾ) ਦੇ ਬਸਰਾਵਾਂ ਪਿੰਡ ਦੇ ਰਹਿਣ ਵਾਲੇ ਹਨ।
ਇਲਾਜ ਅਧੀਨ ਸਾਰੇ ਸ਼ਰਧਾਲੂਆਂ ਦੀ ਹਾਲਤ ਸਥਿਰ ਅਤੇ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਹਾਦਸੇ ‘ਚ ਜ਼ਖਮੀ ਹੋਏ ਇੱਕ ਸ਼ਰਧਾਲੂ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਜਿਵੇਂ ਹੀ ਸਰਹਿੰਦ ਨਹਿਰ ਦੇ ਗੜੀ ਪੁਲ ਕੋਲ ਪੁੱਜੇ ਤਾਂ ਉਨ੍ਹਾਂ ਦੀ ਹੀ ਇੱਕ ਹੋਰ ਗੱਡੀ ਪਿੱਛੇ ਰਹਿ ਜਾਣ ਕਾਰਨ ਉਨ੍ਹਾਂ ਦੀ ਗੱਡੀ ਹੌਲੀ ਹੋ ਗਈ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਿਹਾ ਟਾਟਾ ਸਫ਼ਾਰੀ ਦਾ ਚਾਲਕ ਮੋਬਾਇਲ ਚਲਾਉਂਦੇ ਹੋਏ ਉਨ੍ਹਾਂ ਦੀ ਗੱਡੀ ਨਾਲ ਆ ਵੱਜਿਆ। ਸ਼ਰਧਾਲੂਆਂ ਨਾਲ ਭਰੀ ਗੱਡੀ ਦੀ ਰਫ਼ਤਾਰ ਘੱਟ ਹੋਣ ਕਾਰਨ ਇੱਕ ਬਹੁਤ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ ਹੈ।