ਅੰਮ੍ਰਿਤਸਰ/ਚੰਡੀਗੜ੍ਹ : ਭਾਰਤ ਦੇ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਗੁਰੂ ਨਗਰੀ ਵਿਖੇ ਜੀ-20 ਸੰਮੇਲਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਮੱਦੇਨਜ਼ਰ ਵਿਦੇਸ਼ੀ ਡੈਲੀਗੇਟ ਅੰਮ੍ਰਿਤਸਰ ਵਿਖੇ ਪਹੁੰਚ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਦੇਸ਼ ਤੋਂ ਆਉਣ ਵਾਲੇ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਇਨ੍ਹਾਂ ਮਹਿਮਾਨਾਂ ਨੂੰ ਸ਼ਾਇਰਾਨਾ ਅੰਦਾਜ਼ ‘ਚ ਅੰਮ੍ਰਿਤਸਰ ਦੀ ਧਰਤੀ ‘ਤੇ ਜੀ ਆਇਆਂ ਕਿਹਾ ਹੈ।
ਉਨ੍ਹਾਂ ਨੇ ਲਿਖਿਆ ਹੈ ਕਿ ਜੀ-20 ਦੇਸ਼ਾਂ ਦੇ ਸਾਰੇ ਡੈਲੀਗੇਟਸ ਅਤੇ ਮਾਣਯੋਗ ਮਹਿਮਾਨਾਂ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਸੁਆਗਤ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਵੱਲੋਂ ਮਹਿਮਾਨਾਂ ਦੇ ਸੁਆਗਤ ਲਈ ਹੇਠ ਲਿਖੀਆਂ ਸਤਰਾਂ ਲਿਖੀਆਂ ਗਈਆਂ ਹਨ-
ਤੁਸੀਂ ਘਰ ਸਾਡੇ ਆਏ
ਅਸੀਂ ਫੁੱਲੇ ਨਾ ਸਮਾਏ
ਸਾਡੇ ਘਰ ਤਸ਼ਰੀਫ਼ ਲਿਆਇਆਂ ਨੂੰ
ਸਾਰੇ ਪੰਜਾਬੀਆਂ ਵੱਲੋਂ ਜੀ ਆਇਆਂ ਨੂੰ
ਇਹ ਵੀ ਪੜ੍ਹੋ : ਮਨੀਸ਼ਾ ਗੁਲਾਟੀ ਨੇ ਫਿਰ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਅੱਜ ਹੋਵੇਗੀ ਅਦਾਲਤ ‘ਚ ਸੁਣਵਾਈ
ਦੱਸਣਯੋਗ ਹੈ ਕਿ ਇਹ ਜੀ-20 ਸੰਮੇਲਨ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਵਿਖੇ ਹੋ ਰਿਹਾ ਹੈ। ਇਸ ਸੰਮੇਲਨ ਦੌਰਾਨ 15 ਤੋਂ 17 ਮਾਰਚ ਤੱਕ ਸਿੱਖਿਆ ਖੇਤਰ ‘ਚ ਹੋਈਆਂ ਨਵੀਆਂ ਖੋਜਾਂ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਰੋਨਾ ਕਾਲ ‘ਚ ਪੂਰੀ ਦੁਨੀਆ ‘ਚ ਸਿੱਖਿਆ ਦੇ ਖੇਤਰ ‘ਚ ਹੋ ਚੁੱਕੇ ਨੁਕਸਾਨ ‘ਤੇ ਵੀ ਚਰਚਾ ਕੀਤੀ ਜਾਣੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਇਸ ਪ੍ਰੋਗਰਾਮ ‘ਚ ਪਹੁੰਚ ਰਹੇ ਹਨ।