ਨਵੀਂ ਦਿੱਲੀ- ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਜ਼ਮੀਨ ਦੇ ਬਦਲੇ ਨੌਕਰੀ ਦੇ ਘਪਲੇ ਨਾਲ ਜੁੜੇ ਇਕ ਮਾਮਲੇ ਵਿਚ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਸੀ. ਐੱਮ. ਰਾਬੜੀ ਦੇਵੀ ਅਤੇ ਉਨ੍ਹਾਂ ਦੀ ਧੀ ਮੀਸਾ ਭਾਰਤੀ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਮਾਮਲੇ ਨੂੰ ਅੱਗੇ ਦੀ ਸੁਣਵਾਈ ਲਈ 29 ਮਾਰਚ ਲਈ ਸੂਚੀਬੱਧ ਕੀਤਾ। ਸੀ. ਬੀ. ਆਈ. ਨੇ ਜ਼ਮਾਨਤ ਪਟੀਸ਼ਨ ਦਾ ਵਿਰੋਧ ਨਹੀਂ ਕੀਤਾ।
50-50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਮਿਲੀ ਜ਼ਮਾਨਤ
ਲਾਲੂ ਯਾਦਵ ਦਾ ਹਾਲ ਹੀ ਵਿਚ ਗੁਰਦੇ ਦਾ ਟਰਾਂਸਪਲਾਂਟ ਹੋਇਆ ਹੈ। ਉਹ ਅਦਾਲਤ ਕੰਪਲੈਕਸ ਵਿਚ ਵ੍ਹੀਲ ਚੇਅਰ ‘ਤੇ ਨਜ਼ਰ ਆਏ। ਲਾਲੂ ਸਵੇਰੇ 10 ਵਜੇ ਰਾਊਜ਼ ਐਵੇਨਿਊ ਅਦਾਲਤ ਪਹੁੰਚੇ। ਹਾਲਾਂਕਿ ਮਾਮਲੇ ਦੀ ਸੁਣਵਾਈ ਦੇਰ ਨਾਲ ਸ਼ੁਰੂ ਹੋਈ। ਪਰਿਵਾਰ ਦੇ ਤਿੰਨੋਂ ਮੈਂਬਰ ਕਰੀਬ 11 ਵਜੇ ਜਸਟਿਸ ਗੀਤਾਂਜਲੀ ਗੋਇਲ ਦੇ ਸਾਹਮਣੇ ਪੇਸ਼ ਹੋਏ। ਅਦਾਲਤ ਨੇ 50-50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਜ਼ਮਾਨਤ ਰਾਸ਼ੀ ‘ਤੇ ਲਾਲੂ ਪ੍ਰਸਾਦ, ਰਾਬੜੀ ਦੇਵੀ ਅਤੇ ਉਨ੍ਹਾਂ ਦੀ ਧੀ ਮੀਸਾ ਨੂੰ ਜ਼ਮਾਨਤ ਦਿੱਤੀ।