ਪਾਕੁੜ, 5 ਜਨਵਰੀ (ਬਿਊਰੋ)- ਝਾਰਖੰਡ ਦੇ ਪਾਕੁੜ ’ਚ ਬੁੱਧਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ। ਅਮੜਾਪਾੜਾ ਥਾਣਾ ਖੇਤਰ ਦੇ ਪਾੜੇਰਕੋਲਾ ਪਿੰਡ ਕੋਲ ਐੱਲ.ਪੀ.ਜੀ. ਗੈਸ ਸਿਲੰਡਰ ਲੈ ਕੇ ਤੇਜ਼ ਗਤੀ ਨਾਲ ਜਾ ਰਹੇ ਇਕ ਟਰੱਕ ਦੀ ਸਾਹਮਣੇ ਤੋਂ ਆ ਰਹੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ 7 ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ 2 ਦਰਜਨ ਤੋਂ ਵਧ ਲੋਕ ਜ਼ਖਮੀ ਹੋ ਗਏ। ਪਾਕੁੜ ਦੇ ਸਬ ਡਿਵੀਜ਼ਨ ਪੁਲਸ ਅਧਿਕਾਰੀ (ਐੱਸ.ਡੀ.ਪੀ.ਓ.) ਅਜੀਤ ਕੁਮਾਰ ਵਿਮਲ ਨੇ ਦੱਸਿਆ ਕਿ ਹਾਦਸੇ ’ਚ 7 ਲੋਕਾਂ ਦੇ ਮਰਨ ਅਤੇ 2 ਦਰਜਨ ਤੋਂ ਵਧ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਗੈਸ ਸਿਲੰਡਰ ਲੈ ਕੇ ਤੇਜ਼ ਗਤੀ ਨਾਲ ਜਾ ਰਿਹਾ ਇਕ ਟਰੱਕ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਡਿਪਟੀ ਕਮਿਸ਼ਨਰ ਵਰੁਣ ਰੰਜਨ ਅਤੇ ਪੁਲਸ ਸੁਪਰਡੈਂਟ ਹਰਦੀਪ ਪੀ ਜਨਾਰਦਨ ਮੌਕੇ ’ਤੇ ਪਹੁੰਚੇ। ਵਾਹਨਾਂ ’ਚ ਫਸੇ ਲੋਕਾਂ ਨੂੰ, ਗੈਸ ਕਟਰ ਦੀ ਮਦਦ ਨਾਲ ਬੱਸ ਅਤੇ ਟਰੱਕ ਨੂੰ ਕੱਟ ਕੇ ਕੱਢਿਆ ਜਾ ਰਿਹਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਦੋਹਾਂ ਗੱਡੀਆਂ ਦੇ ਪਰਖੱਚੇ ਉੱਡ ਗਏ। ਹਾਲਾਂਕਿ ਕਿਸੇ ਗੈਸ ਸਿਲੰਡਰ ’ਚ ਵਿਸਫ਼ੋਟ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ’ਚ ਜ਼ਿਆਦਾਤਰ ਲੋਕ ਬੱਸ ਯਾਤਰੀ ਹਨ।