ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਇਸ ਸਮੇਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਹਨ ਅਤੇ ਇਲਾਜ ਕਰਵਾ ਰਹੇ ਹਨ। ਇਸੇ ਦੌਰਾਨ ਮੰਗਲਵਾਰ ਸਵੇਰ ਨੂੰ ਅਦਾਕਾਰ ਦੇ ਦਿਹਾਂਤ ਦੀਆਂ ਅਫਵਾਹਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲਣ ਲੱਗੀਆਂ।
ਹੇਮਾ ਮਾਲਿਨੀ ਨੇ ਝੂਠੀਆਂ ਖਬਰਾਂ ਫੈਲਾਉਣ ਵਾਲਿਆਂ ਨੂੰ ਲਗਾਈ ਫਟਕਾਰ
ਅਦਾਕਾਰ ਦੀ ਪਤਨੀ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਝੂਠੀਆਂ ਖਬਰਾਂ ਫੈਲਾਉਣ ਵਾਲੇ ਚੈਨਲਾਂ ਨੂੰ ਸਖ਼ਤ ਫਟਕਾਰ ਲਗਾਈ ਹੈ। ਉਨ੍ਹਾਂ ਦਾ ਪੋਸਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਹੇਮਾ ਮਾਲਿਨੀ ਨੇ ਕਿਹਾ: “ਜੋ ਹੋ ਰਿਹਾ ਹੈ ਉਹ ਮਾਫ਼ ਕਰਨ ਯੋਗ ਨਹੀਂ ਹੈ! ਕਿਵੇਂ ਜ਼ਿੰਮੇਵਾਰ ਚੈਨਲ ਕਿਸੇ ਅਜਿਹੇ ਵਿਅਕਤੀ ਬਾਰੇ ਝੂਠੀਆਂ ਖਬਰਾਂ ਫੈਲਾ ਸਕਦੇ ਹਨ ਜੋ ਜ਼ੇਰੇ ਇਲਾਜ ਹਨ ਅਤੇ ਹੌਲੀ-ਹੌਲੀ ਠੀਕ ਹੋ ਰਹੇ ਹਨ?”। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਬੇਹੱਦ ਅਸਨਮਾਨਜਨਕ ਅਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਹੈ ਅਤੇ ਅਪੀਲ ਕੀਤੀ ਕਿ ਲੋਕ ਪਰਿਵਾਰ ਅਤੇ ਉਨ੍ਹਾਂ ਦੀ ਪ੍ਰਾਈਵੇਸੀ ਦਾ ਸਨਮਾਨ ਕਰਨ।
ਈਸ਼ਾ ਦਿਓਲ ਨੇ ਦਿੱਤਾ ਸਿਹਤ ਬਾਰੇ ਬਿਆਨ
ਧਰਮਿੰਦਰ ਦੀ ਬੇਟੀ ਈਸ਼ਾ ਦਿਓਲ ਨੇ ਵੀ ਪਿਤਾ ਦੇ ਦਿਹਾਂਤ ਦੀਆਂ ਅਫਵਾਹਾਂ ਨੂੰ ਖਾਰਜ ਕਰਦਿਆਂ ਬਿਆਨ ਦਿੱਤਾ ਹੈ। ਈਸ਼ਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਤਬੀਅਤ ਸਥਿਰ ਹੈ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਦੁਆਵਾਂ ਕਰਨ ਦੀ ਅਪੀਲ ਕੀਤੀ।
